Demo Text
ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।
ਲੋਕੀ ਮੰਗ ਮੰਗਾ ਕੇ ਆਪਣਾ, ਬੋਹਲ ਬਣਾ ਕੇ ਬਹਿ ਗਏ ਨੇ;
ਅਸਾਂ ਤਾਂ ਮਿੱਟੀ ਕਰ ਦਿੱਤਾ ਏ, ਸੋਨਾ ਗਾਲ ਪੰਜਾਬੀ ਦਾ ।
ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।
ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ;
ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ ।
ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ ।
ਕਿਸਰਾਂ ਆਖਾਂ ਮਾਂ ਬੋਲੀ ਦੇ ‘ਬਰਖ਼ੁਦਾਰ’ ਪੰਜਾਬੀ ਨੇ ।
ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,
ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ ।
ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,
ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ ।
ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,
ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ ।
ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,
ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ ।
ਖ਼ਵਾਜਾ ‘ਫ਼ਰੀਦ’, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ ।
ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,
‘ਬਾਬਾ ਨਜਮੀ’ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ ।
ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ ।
ਭਾਂਬੜ ਜਹੀਆਂ ਧੁੱਪਾਂ ਵਿਚ ਵੀ, ਮੇਰੇ ਲੀੜੇ ਗਿੱਲੇ ਰਹੇ ।
ਦੋਸ਼ ਦਿਉ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ,
ਕਿੱਲੇ ਠੀਕ ਨਈਂ ਠੋਕੇ ਖੌਰੇ, ਸਾਥੋਂ ਰੱਸੇ ਢਿੱਲੇ ਰਹੇ ।
ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ,
ਓਧਰ ਠੀਕ ਨਿਸ਼ਾਨੇ ਬਦਲੇ, ਲੱਗਦੇ ਤਗ਼ਮੇਂ ਬਿੱਲੇ ਰਹੇ ।
ਮੈਂ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਗਿਆ,
ਵੇਖ ਕੇ ਮੇਰੀ ਹਾਲਤ ਵੱਲੇ, ਹੱਸਦੇ ਗੋਟੇ ਤਿੱਲੇ ਰਹੇ ।
ਰਸਤਾ, ਪੈਂਡਾ, ਵੇਲਾ ਇੱਕੋ, ਮੰਜਿਲ ਉੱਤੇ ਅਪੜਨ ਦਾ,
ਪਿੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਢਿੱਲੇ ਰਹੇ ।
ਇੱਕ ਦਿਹਾੜੇ ਬੱਦਲ ਵੱਸਿਆ, ਜਸ਼ਨ ਮਨਾਇਆ ਚੌਧਰੀਆਂ,
ਝੁੱਗੀਆਂ ਦੇ ਫਿਰ ਕਈ ਦਿਹਾੜੇ, ਬਾਲਣ ਚੁੱਲ੍ਹੇ ਸਿੱਲ੍ਹੇ ਰਹੇ ।
ਸਾਡਾ ਹਾਲ ਵੀ ਪੁੱਛਣ ਜੋਗੀ, ਉਹਨਾਂ ਪੱਲੇ ਫੁਰਸਤ ਨਹੀਂ,
ਜਿੰਨ੍ਹਾਂ ਦੀ ਤੰਗ ਦਸਤੀ ਦੇ ਲਈ, ‘ਬਾਬਾ’ ਕੱਟਦੇ ਛਿਲੇ ਰਹੇ ।
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ ।
ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ ।
ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ,
ਤੇਰੇ ਸ਼ਹਿਰ ‘ਚ ਆਇਆ ਵਾਂ ਮਜ਼ਬੂਰੀ ਨਾਲ ।
ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗ਼ਰੂਰੀ ਨਾਲ ।
‘ਭਗਤ ਸਿੰਘ’ ਤੇ ‘ਦੁੱਲਾ’, ‘ਜਬਰੂ’ ਮੇਰਾ ਲਹੂ,
ਕਿੰਝ ਖਲੋਵਾਂ ‘ਗ਼ਜਨੀ’ ਤੇ ‘ਤੈਮੂਰੀ’ ਨਾਲ ।
ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜੂਰੀ ਨਾਲ ।
ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਈਂ,
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ ।
‘ਬਾਬਾ’ ਉਹ ਵੀ ਸੋਚੇ ਮੇਰੇ ਬਾਲਾਂ ਲਈ,
ਜਿਸਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ ।
ਜਿਸ ਧਰਤੀ ‘ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ ।
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ ।
ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ ਖਲੋ,
ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ ।
ਇੱਟ-ਖੜਿੱਕਾ ਨਾਲ ਗਵਾਂਢੀ, ਦੇਖੋ ਆਗੂ ਵੱਲ,
ਉਹਦੇ ਨਾਲ ਯਰਾਨਾ, ਜਿਹੜਾ ਸੱਤ ਸਮੁੰਦਰ ਦੂਰ ।
ਪਲ ਪਲ ਚੌੜਾ ਹੁੰਦਾ ਜਾਵੇ, ਲੋੜਾਂ ਦਾ ਦਰਿਆ,
ਹੌਲੀ ਹੌਲੀ ਡੁੱਬਦਾ ਜਾਵੇ, ਸੱਧਰਾਂ ਵਾਲਾ ਪੂਰ ।
ਇਸ ਧਰਤੀ ਤੋਂ ਖੌਰੇ ਕਦ ਦਾ ਕਰ ਜਾਂਦਾ ਮੈਂ ਕੂਚ,
ਸੁਣਿਆ ਜੇ ਨਾ ਹੁੰਦਾ ਬਾਬਾ ਤੇਰਾ ਮੈਂ ਮਨਸ਼ੂਰ ।
ਵਿੱਚ ਹਨੇਰੇ ਫੁੱਲ ਵੀ ਦੇਵੇਂ, ਉਹਨਾਂ ਉੱਤੇ ਥੂਹ,
ਸਿਖਰ ਦੁਪਹਿਰੇ ਬਲ਼ਦੇ ਪੱਥਰ ਮੈਨੂੰ ਨੇ ਮਨਜ਼ੂਰ ।
ਹੱਥੋਂ ਸੁੱਟ ਜਦੋਂ ਦਾ ਆਸਾ, ਆਂਦੀ ਕਲਮ ਦਵਾਤ,
ਮੰਜ਼ਿਲ ਮੈਨੂੰ ਵਾਜਾਂ ਮਾਰੇ, ਰਸਤੇ ਨੂਰੋ-ਨੂਰ ।
ਉਹਦੇ ਵਿੱਚੋਂ ਲੱਭੇ ‘ਬਾਬਾ’ ਕੰਮੀਆਂ ਦੇ ਹੱਕ ਵੇਖ,
ਜਿਹੜਾ ਉਚੇ ਮਹਿਲੀਂ ਬਹਿ ਕੇ, ਬਣਦਾ ਏ ਦਸਤੂਰ ।
ਉਠ ਉਏ ‘ਬਾਬਾ’ ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ ।
ਟੁੱਕੜ ਵੰਡਣ ਵਾਲੇ ਅੱਗੇ ਭੁੱਖ ਦਾ ਦੀਵਾ ਬਾਲ ।
ਖੌਰੇ ਕੋਈ ਮੰਜ਼ਲ ਭੁੱਲਿਆ ਆ ਈ ਜਾਵੇ ਪੱਖੀ,
ਧੁੱਪਾਂ ਸੜੀਆਂ ਰੇਤਾਂ ਵਿਚ ਵੀ ਰੁੱਖ ਦਾ ਦੀਵਾ ਬਾਲ ।
ਅਸੀਂ ਵੀ ਤੇਰੇ ਆਦਮ ਜਾਏ ਉਤੋਂ ਤੇ ਨਈਂ ਡਿੱਗੇ,
ਝੁੱਗੀਆਂ ਵਿਚ ਵੀ ਕਦੇ ਕਦਾਈਂ ਸੁੱਖ ਦਾ ਦੀਵਾ ਬਾਲ ।
ਖੌਰੇ ਉਜੜੇ ਘਰ ਦੇ ਆਲੇ ਜੱਗ ਨੂੰ ਚੰਗੇ ਲੱਗਣ,
ਸਾਡੇ ਨੈਣਾਂ ਵਿਚ ਵੀ ਆਪਣੇ ਮੁੱਖ ਦਾ ਦੀਵਾ ਬਾਲ ।
ਰੋਟੀ ਜੋਗਾ ਵੀ ਨਈਂ ਆਟਾ ਭਾਵੇਂ ਵਿਚ ਕੁਨਾਲੀ,
ਫਿਰ ਵੀ ਬੁਲ੍ਹਾਂ ਉਤੇ ਰੱਜੀ ਕੁੱਖ਼ ਦਾ ਦੀਵਾ ਬਾਲ ।
ਉਹਨਾਂ ਵਿਚੋਂ ਮੁੱਕ ਜਾਂਦੀ ਏ ਅਣਖ ਦੀ ‘ਬਾਬਾ’ ਲੋ,
ਜਿਹੜੇ ਲੋਕੀ ਟੁੱਰ ਪੈਂਦੇ ਨੇ ਭੁੱਖ ਦਾ ਦੀਵਾ ਬਾਲ ।
ਤੇਰੇ ਸ਼ਹਿਰ ਦੇ ‘ਬਾਬਾ ਨਜਮੀ’, ਲੋਕ ਚੰਗੇਰੇ ਹੁੰਦੇ ।
ਝੁੱਗੀਆਂ ਵਿੱਚ ਨਾ ਚਾਨਣ ਬਦਲੇ, ਘੁੱਪ-ਹਨੇਰੇ ਹੁੰਦੇ ।
ਫੁੱਲਾਂ ਦੇ ਗੁਲਦਸਤੇ ਘੱਲਦੇ ਇਕ ਦੂਜੇ ਦੇ ਵੱਲੇ,
ਗਿਰਜੇ ਮੰਦਰ ਵਿੱਚ ਮਸੀਤੇ ਲੋਕ ਜੇ ਮੇਰੇ ਹੁੰਦੇ ।
ਮੈਂ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ,
‘ਸਰ’ ਦਾ ਫੁੰਮਣ ਸਿਰ ‘ਤੇ ਹੁੰਦਾ, ਲੰਡਨ ਡੇਰੇ ਹੁੰਦੇ ।
ਮੈਂ ਵੀ ਆਪਣੇ ਸੱਜਣਾਂ ਉੱਤੇ ਫੁੱਲਾਂ ਦਾ ਮੀਂਹ ਪਾਉਂਦਾ,
ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼, ਬਨੇਰੇ ਹੁੰਦੇ ।
ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ ਭਰ ਲਓ ਦੀਵੇ,
ਕਰ ਲਓ ਘਰ ਦੇ ਲੋਕੋ ਜੀਕਣ ਦੂਰ ਹਨੇਰੇ ਹੁੰਦੇ ।
ਮੇਰਾ ਨਾਂ ਵੀ ਹੁੰਦਾ ‘ਬਾਬਾ’ ਉਤਲੇ ਵਿੱਚ ਅਦੀਬਾਂ,
ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ ।
ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਢਿਆਂ ਨੂੰ ।
ਪਿਛਲੇ ਪੈਰੀਂ ਕਿਉਂ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ ।
ਇੱਕ ਵੀ ਸੂਤਰ ਅੱਗੇ ਪਿੱਛੇ ਆਪਣੀ ਥਾਂ ਤੋਂ ਹੁੰਦੇ ਨਈਂ,
ਖੌਰੇ ਛੱਲਾਂ ਜਾਵਣ ਕਿਹੜੀਆਂ ਕਸਮਾਂ ਪਾ ਕੇ ਕੰਢਿਆਂ ਨੂੰ ।
ਚਿੱਟੇ ਦਿਨ ਜੇ ਮਿਲ਼ ਸਕਨਾ ਏਂ ਤਾਂ ਮੈਂ ਯਾਰੀ ਲਾਵਾਂਗਾ,
ਮਿਲ਼ਦੀਆਂ ਵੇਖ ਲੈ ਜਿਸਰਾਂ ਛੱਲਾਂ ਵੱਜ ਵਜਾ ਕੇ ਕੰਢਿਆਂ ਨੂੰ ।
ਉੱਚੇ ਮਹਿਲਾਂ ਦੇ ਵਸਨੀਕੋ, ਉਵੇਂ ਸਾਨੂੰ ਰੱਖੋ ਨਾ,
ਜਿਉਂ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ ।
ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲੀ ਨੂੰ,
ਕਦ ਮਿਲਦੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ ।
ਮੈਨੂੰ ਤੇ ਇੰਜ ਲਗਦਾ ਏ ‘ਬਾਬਾ’, ਛੱਲਾਂ ਤੰਗ ਸਮੁੰਦਰ ਤੋਂ,
ਮੁੜ-ਮੁੜ ਆਉਂਦੀਆਂ ਵੇਖਣ ਕਿਸਰਾਂ, ਲੰਘੀਏ ਢਾਹ ਕੇ ਕੰਢਿਆਂ ਨੂੰ ।
ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ।
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ।
ਉਹਨਾਂ ਦਾ ਵੀ ਤੂੰਹੀਉਂ ਰੱਬ ਏਂ ਇਹਦਾ ਅੱਜ ਜਵਾਬ ਤੇ ਦੇ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ ।
ਜਿਹਨਾਂ ਦੇ ਗਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਈਂ,
ਕੱਬਰਾਂ ਉਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ ।
ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,
ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ ।
ਸ਼ੀਸ਼ੇ ਉਤੇ ਮਲੇ ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ,
ਸੱਜਣਾਂ ਨੂੰ ਕੀ ਬਣੀਆਂ ਮੇਰੇ ਫੁੱਲ ਲਿਤਾੜੀ ਜਾਂਦੇ ਨੇ ।
ਚਲ ਉਏ ‘ਬਾਬਾ ਨਜਮੀ’ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ,
ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ।
ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ ।
ਰੱਬ ਕਰੇ ਤੂੰ ਮੰਦਰ ਵਾਗੂੰ ਵੇਖੇਂ ਮੇਰੀ ਮਸਜਦ ਨੂੰ,
ਰਾਮ ਕਰੇ ਮੈਂ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ ।
ਡੁੱਬੇ ਵਿਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ ।
ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ ।
ਅਸਾਂ ਨਈਂ ਆਉਣਾ ‘ਬਾਬਾ’ ਤੇਰਾ ਮੁੜ ਕੇ ਮੇਲਾ ਵੇਖਣ ਲਈ,
ਸ਼ਕਲਾਂ ਵੇਖ ਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ।