ਤੇਰੀ ਸਿਫ਼ਤ ਬਿਆਨਾਂ ਕੀਵੇਂ, ਕੁਝ ਉਸਦਾ ਅੰਦਾਜ਼ ਨਈਂ,
ਕਿਉਂਕਿ ਤੇਰੀ ਸਿਫ਼ਤ ਸਨਾ ਦਾ, ਅੰਤ ਨਈਂ, ਅੰਦਾਜ਼ ਨਈਂ ।
ਮੰਗਾਂ ਤੈਥੋਂ ਓਹੀ ਦਾਤਾ, ਜੇਹੜੀ ਥੋੜ੍ਹ ਹੈ ਲੋੜ ਮਿਰੀ,
ਮੈਂ ਨਾ ਬਿੱਤੋਂ ਬਾਹਰਾ ਲੋੜਾਂ, ਏਹ ਮੇਰਾ ਅੰਦਾਜ਼ ਨਈਂ ।
ਜ਼ਿਕਰ ਤਿਰਾ ਇਨਸਾਨਾਂ ਤੇ ਹੈਵਾਨਾਂ ਤੀਕ ਨਹੀਂ ਸੀਮਤ,
ਤੇਰੀ ਤਸਬੀਹ ਬਿਰਖ ਵੀ ਪੜ੍ਹਦੇ, ਜਿਨ੍ਹਾਂ ਕੋਲ ਆਵਾਜ਼ ਨਈਂ ।
ਤੇਰੀ ਹੱਨਿਆਂ ਜੱਨਤ ਵਰਗੀ, ਦੋਜ਼ਖ਼ ਕੀਤੀ ਲੋਕਾਂ ਨੇਂ,
ਕੋਈ ਤੇਰਾ ਮੇਰੇ ਬਾਹਜੋਂ, ਦੁਨੀਆਂ ਤੇ ਹਮਰਾਜ਼ ਨਈਂ ।
ਸ਼ਬਦਾਂ ਦੇ ਜੋ ਹਾਰ ਪਰੋਕੇ, ਸ਼ੇਅਰਾਂ ਦੇ ਗਲ਼ ਪਾਨਾਂ ਵਾਂ,
ਤੇਰੀ ਦੇਣ ਬਿਨਾਂ ਕੁਝ ਮੇਰੀ, ਸੋਚਾਂ ਵਿੱਚ ਪਰਵਾਜ਼ ਨਈਂ ।
ਤੇਰੀ ਬਖ਼ਸ਼ਸ਼ ਦਾ ਮੈਂ ਤਾਲਬ, ਏਹ ਹੀ ਖ਼ਵਾਹਿਸ਼ ਲਾਲਚ ਹੈ,
ਤੇਰੇ ਬਾਹਜੋਂ ਮੇਰਾ ਯਾ ਰੱਬ, ਕੋਈ ਚਾਰਾ-ਸਾਜ਼ ਨਈਂ ।
ਤੇਰੀ ਮਾਫ਼ ਕਰਨ ਦੀ ਸਿਫ਼ਤੋਂ, ਚੁਕਦੈ ਬੰਦਾ ਫ਼ੈਦੇ, ਪਰ,
ਭੈੜੇ ਕੰਮਾਂ ਕਾਰਾਂ ਕੋਲੋਂ, ਰਹਿੰਦਾ ਫ਼ਿਰ ਵੀ ਬਾਜ਼ ਨਈਂ ।
ਘੁੱਪ ਹਨੇਰੇ ਵਿੱਚੋਂ ਕਢਨੈਂ, ਸੂਰਜ ਰੋਜ਼ ਈ ਸ਼ਾਨਾਂ ਨਾਲ,
ਕੀ ਏਹ ਤੇਰੀ ਵਡਿਆਈ ਦਾ, ਸਭ ਤੋਂ ਵੱਡਾ ਰਾਜ਼ ਨਈਂ !
ਗੱਲਾਂ ਮੇਰੀ ਜੀਭਾ ਉੱਤੇ, ਜ਼ਿਹਨ ‘ਚ ਲਫ਼ਜ਼ਾਂ ਦੇ ਭੰਡਾਰ,
ਕਹਿਣ, ਲਿਖਣ ਨੂੰ ਫ਼ਿਰ ਵੀ ਮੇਰੇ ਕੋਲ, ਓਨੇ ਅਲਫ਼ਾਜ਼ ਨਈਂ ।
ਦੁਨੀਆਂ ਦੀ ਤਅਰੀਫ਼ ਦਾ ਰੱਬਾ, ਮੰਨਿਐਂ ਤੂੰ, ਮੋਹਤਾਜ ਨਈਂ,
ਪਰ ਤੇਰੀ ਮੋਹਤਾਜੀ ਤੋਂ ਬਿਨ, ‘ਅਸ਼ਰਫ਼’ ਸਰਅਫ਼ਰਾਜ਼ ਨਈਂ ।
ਇੱਕੋ ਹਾਦੀ, ਮਦਦਗਾਰ, ਤੇ ਰਹਿਨੁਮਾ,
ਨਾਮ ਉਸ ਜ਼ਾਤ ਦਾ, ਅਹਮਦੇ ਮੁਸਤਫ਼ਾ ।
ਜ਼ਿਕਰ ਦਿਨ ਰਾਤ ਕਰਨਾਂ, ਨਬੀ ਪਾਕ ਦਾ,
ਰੂਹ ਤੇ ਜਿਸਮ ਨੂੰ ਦੇਣੀ ਜਿਵੇਂ ਗ਼ਿਜ਼ਾ ।
ਕੀਤੀ ਜਦ ਰੱਬ, ਇਸਲਾਮ ਦੀ ਇਬਤਦਾ,
ਕੀਤੀ ਨਬੀਆਂ ਦੇ ਆਵਣ ਦੀ ਵੀ ਇੰਤਹਾ ।
ਰੱਬ ਦਿੱਤਾ ਮੁਹੰਮਦ ਨੂੰ ਈ ਮਰਤਬਾ,
ਓਸ ਤਾਈਂ ਵਿਖਾ, ਸਿਦਰਾ-ਤੁਲ-ਮੁੰਤਹਾ ।
ਵਿਰਦ ਕੀਤਾ ਏ ਜਿਸ ਨੇਂ ਨਬੀ ਪਾਕ ਦਾ,
ਪਾਸ ਜੱਨਤ ਦਾ, ਫ਼ਿਰ ਓਸ ਨੂੰ ਮਿਲ ਗਿਆ ।
ਕਲਮਾ ਤੱਈਅਬ ਵੀ ਓਦੋਂ, ਮੁਕੰਮਲ ਹੋਇਆ,
ਜਦ ਤੋਂ ਬਣਿਆਂ ਮੁਹੰਮਦ, ਰਸੂਲੇ ਖ਼ੁਦਾ ।
ਯਾਦ ਅਹਿਮਦ ‘ਚ ਡੁਲ੍ਹਣ, ਹੈ ਮੇਰੀ ਦੁਆ,
ਹੋਣ ਅੱਖਾਂ ਦੇ ਖ਼ਾਲੀ, ਜੇ ਮੇਰੇ ਤਲਾਅ ।
ਓਹੀ ਮੰਜ਼ਰ, ਨਜ਼ਰ ਸਾਹਮਣੇ ਹੈ ਸਦਾ,
ਜਦ ਮਦੀਨਾ ਮੁਹੰਮਦ ਦਾ, ਮੈਂ ਵੇਖਿਆ ।
ਯਾ ਖ਼ੁਦਾ! ਪੂਰੀ ‘ਅਸ਼ਰਫ਼’ ਦੀ ਕਰਨਾਂ ਦੁਆ,
ਦੇਕੇ ਦੀਦਾਰ ਅਹਿਮਦ ਦੀ, ਮੈਨੂੰ ਅਤਾ ।
ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ,
ਕਦੀ ਹੋ ਨਈਂ ਸਕਦੀ, ਹਵਾਵਾਂ ਦੀ ਰਾਖੀ ।
ਕਦੋਂ ਤਾਈਂ ਰੋਕੇਂਗਾ, ਟੋਕੇਂਗਾ ਮੈਨੂੰ,
ਨਹੀਂ ਮੈਥੋਂ ਹੋਣੀ, ਨਿਗਾਹਵਾਂ ਦੀ ਰਾਖੀ?
ਬਸ ਇਕ ਸਾਹ ਦੇ, ਅਓਣ ਜਾਵਣ ਦੀ ਖ਼ਾਤਰ,
ਹੈ ਕਰਨੀ ਪਈ, ਲੱਖਾਂ ਸਾਹਵਾਂ ਦੀ ਰਾਖੀ ।
ਕਦੀ ਭੁਲ ਭੁਲੇਖੇ, ਓਹ ਐਧਰ ਨਾ ਆਇਆ,
ਮੈਂ ਕੀਤੀ ਏ ਬੇਕਾਰ, ਰਾਹਵਾਂ ਦੀ ਰਾਖੀ ।
ਜੇ ਕਾਲਜ ਚੋਂ ਮਿਲਦੀ, ਸਵਾਬਾਂ ਦੀ ਡਿਗਰੀ,
ਸ਼ਰੇ ਆਮ ਹੁੰਦੀ, ਗੁਨਾਹਵਾਂ ਦੀ ਰਾਖੀ ।
ਜੋ ਮਰਜ਼ੀ ਐ ਮਾਲਿਕ ਦੀ, ਹੁੰਦਾ ਹੀ ਰਹਿਨੈਂ,
ਨਾ ਧੁੱਪਾਂ ਦੀ ਹੋਣੀ, ਨਾ ਛਾਵਾਂ ਦੀ ਰਾਖੀ ।
ਸਿਤਮ ਨੇ ਤੇ, ਸੁਸਰੀ ਦੇ ਵਾਂਗੂੰ ਸੀ ਸੌਣਾਂ,
ਵਫ਼ਾ ਜੇ ਨਾ ਕਰਦੀ, ਜਫ਼ਾਵਾਂ ਦੀ ਰਾਖੀ ।
ਬਨਾਣਾਂ ਸੀ ਮੈਂ ਤੇ, ਨਿਗਾਹਾਂ ਨੂੰ ਪੱਥਰ,
ਕਰਨ ਦੇਂਦੋਂ ਜੇਕਰ, ਅਦਾਵਾਂ ਦੀ ਰਾਖੀ ।
ਜਿਵੇਂ ਕਰਦੀਆਂ ‘ਮਾਵਾਂ’ ‘ਅਸ਼ਰਫ਼’ ਹਿਫ਼ਾਜ਼ਤ,
ਨਾ ਹੋਵੇ ਓਵੇਂ ਸਾਥੋਂ ‘ਮਾਵਾਂ’ ਦੀ ਰਾਖੀ ।
ਖਲੋਤਾ ਰਿਹਾ, ਓਹਦਾ ਦਰਵਾਜ਼ਾ ਮੱਲ ਕੇ,
ਓਹ ਟੁਰ ਵੀ ਗਿਆ, ਚੋਰ ਬੂਹਿਓਂ ਨਿਕਲ ਕੇ ।
ਕਿਸੇ ਬਿਨ, ਓਹ ਰਹਿੰਦਾ ਨਈਂ ਦੂਰ ਪਲ਼ ਵੀ,
ਮੇਰੇ ਵਾਸਤੇ ਪਰ, ਰਹੀ ਭਲਕੇ ਭਲਕੇ ।
ਏਹ ਨਰਮੀ ਮਿਰੀ ਹੋਣੀ ਤੇਰੇ ਤੇ ਹਾਵੀ,
ਜਿਵੇਂ ਸ਼ੋਖ਼ ਸ਼ਾਖ਼ਾਂ, ਰਹੇ ਵੇਲ ਵਲ਼ ਕੇ ।
ਹਰ ਇਕ ਰੁਤ ਨੂੰ, ਜ਼ਖ਼ਮਾਂ ਨੇਂ ਪਹਿਚਾਨ ਲੈਣੈਂ,
ਕੋਈ ਰੂਪ ਭਾਵੇਂ, ਓਹ ਆਵੇ ਬਦਲ ਕੇ ।
ਕਦੀ ਫੁੱਲ ਬਣਕੇ, ਕਦੀ ਧੂੜ ਵਾਂਗੂੰ,
ਤੇਰੇ ਨਾਲ਼ ਰਹਿਣੈਂ, ਜ਼ਮੀਂ ਵਿਚ ਵੀ ਰਲ਼ ਕੇ ।
ਅਸਾਡੇ ਮਿਲਣ, ਤੇ ਵਿਛੋੜੇ ਦਾ ਵੇਲ਼ਾ,
ਨਸੀਬਾਂ, ਰਕੀਬਾਂ ਨੇਂ, ਲਿਖਿਆ ਏ ਰਲ ਕੇ ।
ਓਹੀ ਬਾਤ ਅਸਲੀ, ਤੇ ਉੱਤਮ ਕਹਾਵੇ,
ਜੋ ਮੁਲ ਪਾਂਵਦੀ ਅਪਣਾ, ਮੂੰਹੋਂ ਨਿਕਲ ਕੇ ।
ਖ਼ੁਸ਼ੀ ਗ਼ਮ ਦੇ ਰੰਗਾਂ ਦੀ ਹੈ, ਜ਼ਿੰਦਗਾਨੀ,
ਕਦੀ ਰੰਗ ਗੂੜ੍ਹੇ, ਕਦੀ ਹਲਕੇ ਹਲਕੇ ।
ਜੇ ਢਿੱਲੀ ਹੋਈ ਵਾਗ, ਦਿਲ ਵਾਲੀ ‘ਅਸ਼ਰਫ਼’,
ਲਵਾ ਲੈਂਗਾ ਪੱਕੇ ਈ, ਅੱਖਾਂ ‘ਚ ਨਲਕੇ ।
ਸਾਲ ਬੀਤੇ, ਹੰਝੂਆਂ ਨੂੰ ਪੀਂਦਿਆਂ,
ਫ਼ਿਰ ਵੀ ਤਿਰਹਾਇਆ ਹਾਂ, ਔੜਾਂ ਵਾਂਗਰਾਂ ।
ਰਖਦੀਆਂ ਦਿਲ ਨਾਲ, ਰਿਸ਼ਤੇ-ਦਾਰੀਆਂ,
ਮੇਰੀਆਂ ਅੱਖਾਂ ‘ਚ ਬੂੰਦਾਂ ਤਰਦੀਆਂ ।
ਆਸ ਬੂਟੇ ਲਾਏ, ਨਿੱਕੇ ਹੁੰਦਿਆਂ,
ਬਣ ਗਏ ਹੁਣ ਰੁੱਖ, ਪਰਛਾਵੇਂ ਬਿਨਾਂ ।
ਹਟ ਗਿਆ ਏ ਓਹ, ਸਜ਼ਾਵਾਂ ਦੇਣ ਤੋਂ,
ਹੁਣ ਕਰਾਂ ਮੈਂ ਕਿਸ ਲਈ, ਗੁਸਤਾਖ਼ੀਆਂ?
ਬੇਲੀਆਂ ਨਾਲ, ਬੇਲਿਆਂ ਵਿਚ ਰੌਣਕਾਂ,
ਬਾਝ ਯਾਰਾਂ, ਸ਼ਹਿਰ ਵੀ ਸੁੰਜੇ ਗਰਾਂ ।
ਕੀਹ ਬਣੇ ਏਹ ਜ਼ਹਿਰ ਮ੍ਹੌਰਾ, ਜਾਂ ਕਿ ਜ਼ਹਿਰ,
ਘੋਟ ਕੇ ਸੱਚ, ਝੂਠ ਵਿਚ ਜੇ ਪੀ ਲਵਾਂ?
ਮੋਹਰ ਲੱਗੀ ਰਾਂਝਣੇ ਤੇ, ਇਸ਼ਕ ਦੀ,
ਖਾਣ ਵਾਲੇ ਸਨ ਬਥੇਰੇ, ਚੂਰੀਆਂ ।
ਬੇਰੁਖ਼ੀ ਤੇਰੀ ਨੇਂ, ਦਿੱਤਾ ਹੌਸਲਾ,
ਮਾਰਿਆ ਬਸ ਲਾਰਿਆਂ, ਭਰਵਾਸਿਆਂ ।
ਬੁਲਬੁਲਾਂ ਦੀ ਚਹਿਕ, ਫੁੱਲਾਂ ਖਿੜਨ ਤੀਕ,
ਮਗਰੋਂ ਰਹਿ ਜਾਂਦੇ ਨੇਂ, ਕਾਂ ਤੇ ਲਾਲੀਆਂ ।
ਹੜ੍ਹ ਕਈ ਅੱਖਾਂ ਚੋਂ ‘ਅਸ਼ਰਫ਼’, ਲੰਘ ਗਏ,
ਬਚ ਗਈਆਂ ਰੁੜ੍ਹਨੋਂ, ਉਮੰਗਾਂ, ਹਸਰਤਾਂ ।
ਹੱਦ ਤੋਂ ਵੱਧ, ਦਿਲਬਰੀ ਨੂੰ ਰਹਿਣ ਦੇ,
ਕੋਲ ਹੈ ਜਿੰਨੀ ਖ਼ੁਸ਼ੀ, ਨੂੰ ਰਹਿਣ ਦੇ ।
ਇਸ ਦੀ ਭਲਿਆਈ, ਨਈਂ ਆਰਾਮ ਵਿਚ,
ਉਲਝਣਾਂ ਵਿਚ, ਜ਼ਿੰਦਗੀ ਨੂੰ ਰਹਿਣ ਦੇ ।
ਸਖ਼ਤ ਦਿਲ ਦੁਨੀਆਂ ਦੇ, ਮੋਮ ਹੋਣੇ ਨਈਂ,
ਪਥਰਾਂ ਨਾਲ, ਸਰਕਸ਼ੀ ਨੂੰ ਰਹਿਣ ਦੇ ।
ਉਸ ਲਈ ਨਾ ਬੰਨ੍ਹ, ਤਾਰੀਫ਼ਾਂ ਦੇ ਪੁਲ਼,
ਆਦਮੀ ਹੀ, ਆਦਮੀ ਨੂੰ ਰਹਿਣ ਦੇ ।
ਯਾ ਤਸੱਲੀ ਦੇ, ਮੇਰਾ ਬਣ ਜਾਏਂਗਾ,
ਯਾ ਮਿਰੀ, ਦੀਵਾਨਗੀ ਨੂੰ ਰਹਿਣ ਦੇ ।
ਬੰਨ੍ਹ ਰਸਮਾਂ ਦੇ, ਨਈਂ ਸਕਦਾ ਜੇ ਤੋੜ,
ਰਹਿਣ ਦੇ ਫ਼ਿਰ, ਦਿਲ-ਲਗੀ ਨੂੰ ਰਹਿਣ ਦੇ ।
ਦੋਸਤੀ ਚੰਗੀ, ਨਿਭਾਵਣ ਵਾਸਤੇ,
ਕੋਲ਼ ਵੀ ਕੁਝ, ਦੁਸ਼ਮਣੀ ਨੂੰ ਰਹਿਣ ਦੇ ।
ਮੇਰੀਆਂ ਸੋਚਾਂ ਸਰਾ੍ਹਣੇ, ਨਾ ਖਲੋ,
ਮੇਰੇ ਸਿਰ ਵਿਚ, ਖਲਬਲੀ ਨੂੰ ਰਹਿਣ ਦੇ ।
ਲੋੜ ਰਹਿਣੀ ਏਂ ਸਦਾ, ‘ਅਸ਼ਰਫ਼’ ਓਹਦੀ,
ਕੋਲ ਭੋਰਾ ਕੁ, ਗ਼ਮੀ ਨੂੰ ਰਹਿਣ ਦੇ |
ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ,
ਇਰਾਦੇ ਗ਼ੈਰ ਨਾਲ ਓਸ ਬੰਨ੍ਹ ਲਿਆ, ਫ਼ਿਰ ਵਾਲ ਵਾਲ ਅਪਣਾ ।
ਓਹਦੇ ਪਰਖਣ ਤੇ ਸੋਧਣ ਦਾ ਵੀ, ਮੈਨੂੰ ਹੈ ਕੁਝ ਅੰਦਾਜ਼ਾ,
ਮਿਰੇ ਬਾਰੇ ਖ਼ਿਆਲ ਉਸਦਾ ਹੈ ਸ਼ੱਕੀ, ਹੈ ਖ਼ਿਆਲ ਅਪਣਾ ।
ਸੁਣਾਂਦਾ ਸਾਂ ਕਹਾਣੀ ਤੇ, ਕਿਸੇ ਨੇ ਕੰਨ ਨਈਂ ਧਰਿਆ,
ਜਦੋਂ ਦਸਿਆ ਨਈਂ ਜਾਂਦਾ, ਤੇ ਸਭ ਪੁਛਦੇ ਨੇ ਹਾਲ ਅਪਣਾ ।
ਕਦੀ ਲੀਰਾਂ, ਕਦੀ ਟੋਟੇ, ਕਦੀ ਹੈ ਛਾਨਣੀ ਹੋਇਆ,
ਬੜੀ ਉਖਿਆਈ ਨਾਲ ਹੋਇਆ, ਏਥੇ ਪੱਲੂ ਸੰਭਾਲ ਅਪਣਾ ।
ਸਭਨਾਂ ਨੇ ਸਾਡੀਆਂ, ਕੋਤਾਹੀਆਂ ਤੇ ਹੀ ਨਜ਼ਰ ਰੱਖੀ,
ਅਸੀਂ ਬੇਕਾਰ ਹੀ ਲਾਂਹਦੇ ਰਹੇ, ਦਿਲ ਦਾ ਜੰਗਾਲ ਅਪਣਾ ।
ਖ਼ਮੋਸ਼ੀ ਉਸਦੀਆਂ ਨਜ਼ਰਾਂ ਦੀ, ਜਦ ਦੇਂਦੀ ਏ ਹੁੰਗਾਰਾ,
ਓਹਦੇ ਏਨੇ ਇਸ਼ਾਰੇ ਤੇ, ਭਟਕ ਜਾਂਦੈ ਸਵਾਲ ਅਪਣਾ ।
ਅਸਾਂ ਧਮਕੀ, ਡਰਾਵੇ, ਰੋਅਬ ਦੇ ਥੱਲੇ ਨਈਂ ਆਓਣਾਂ,
ਨਈਂ ਲੱਗਾ ਹੋਇਆ ਸ਼ਹਿਰ ਇਚ, ਤੁਹਾਡਾ ਕੋਤਵਾਲ ਅਪਣਾ ।
ਕੋਈ ਸੂਰਤ ਨਜ਼ਰ ਆਓਂਦੀ ਨਈਂ, ਦੁਨੀਆਂ ਨੂੰ ਸਮਝਣ ਦੀ,
ਐਥੇ ਮਰਨਾ ਵੀ ਔਖਾ ਏ, ਤੇ ਜੀਣਾ ਵੀ ਮੁਹਾਲ ਅਪਣਾ ।
ਡਰਾਕਲ ਕਰਨ ਦੀ ਕੋਸ਼ਿਸ਼, ਬੜੀ ਕੀਤੀ ਐ ਪੀੜਾਂ ਨੇ,
ਅਸੀਂ ਪਹਿਲਾਂ ਹੀ ਬੈਠੇ ਹਾਂ, ਜਿਗਰ ਪੱਥਰ ‘ਚ ਢਾਲ ਅਪਣਾ ।
ਸਿਲਾ ਹੁਣ ਮੇਰੀਆਂ ਕੁਰਬਾਨੀਆਂ ਦਾ, ਆ ਰਿਹੈ ਨਜ਼ਰੀਂ,
ਲਿਖਣ ‘ਅਸ਼ਰਫ਼’ ਓਹ ਲੱਗਿਐ ਨਾਮ ਮੇਰਾ, ਨਾਂ ਦੇ ਨਾਲ ਅਪਣਾ ।
ਖ਼ੁਸ਼ੀ ਪਲ ਦੋ ਪਲ ਕੋਲ ਆਈ, ਗਈ,
ਗ਼ਮੀ ਸਾਥ ਹਰਦਮ, ਨਿਭਾਈ ਗਈ ।
ਤੇਰੇ ਸ਼ਹਿਰ ਅੰਦਰ, ਮਿਰੇ ਪਿਆਰ ਦੀ,
ਕਿਸੇ ਤੋਂ ਵੀ ਕੀਮਤ, ਨਾ ਲਾਈ ਗਈ ।
ਬਣੀ ਆਪ ਹੀ ਦਿਲ ‘ਚ, ਨਫ਼ਰਤ ਦੀ ਕੰਧ,
ਕਿਸੇ ਵੀ ਤਰ੍ਹਾਂ, ਫ਼ਿਰ ਨਾ ਢਾਈ ਗਈ ।
ਮਿਲੇ ਦਿਲ ਕਿਸੇ ਨਾਲ, ਕਿਸਮਤ ਖੁਲ਼ੇ,
ਜਾਂ ਉਮਰਾਂ ਦੀ ਸਮਝੋ, ਕਮਾਈ ਗਈ ।
ਨਜ਼ਰ ਕੀਹ ਮਿਲੀ, ਦਿਲ ਨੇ ਮੈਨੂੰ ਕਿਹਾ,
ਕੋਈ ਸ਼ੈ ਤਿਰੀ, ਹੋ ਪਰਾਈ ਗਈ ।
ਸੁਰੀਲੀ ਤੇ ਅਕਸਰ, ਹੋਈ ਜ਼ਿੰਦਗੀ,
ਕਿਸੇ ਤੋਂ ਵੀ ਸੁਰ ਵਿਚ, ਨਾ ਗਾਈ ਗਈ ।
ਗ਼ਰੀਬਾਂ ਦੀ ਕਿਸਮਤ ਦਾ, ਪੁੱਛੋ ਨਾ ਹਾਲ,
ਰਜ਼ਾਈ ਮਿਲੀ, ਤੇ ਤੁਲਾਈ ਗਈ ।
ਏਹ ਸੀਨਾ ਮਿਰਾ, ਗੜ੍ਹ ਹੈ ਭੇਤਾਂ ਦਾ,
ਪਰ, ਮੁਹੱਬਤ ਨਾ ਇਸ ਤੋਂ, ਛੁਪਾਈ ਗਈ ।
ਅਸਾਡੀ ਵਫ਼ਾ ਕਰਦਿਆਂ, ਲੰਘ ਗਈ,
ਤੇਰੇ ਚੋਂ ਨਾ ਪਰ, ਬੇ-ਵਫ਼ਾਈ ਗਈ ।
‘ਜਹੀ ਬਚਪਣੇ ਤੋਂ, ਪਈ ਏ ਮਗਰ,
ਅਜੇ ਤੀਕਰਾਂ, ਨਾ ਮਹਿੰਗਾਈ ਗਈ ।
ਹਿਆ ਤੇ ਸ਼ਰਮ ਦਾ, ਹੈ ਅੱਜ ਕਲ੍ਹ ਏਹ ਹਾਲ,
ਜਿਵੇਂ ਦੁੱਧ ਉੱਤੋਂ, ਮਲਾਈ ਗਈ ।
ਬਗਾਨੇ ਘਰਾਂ ਦੀ, ਸੁਲਾਹ ਵੇਖ ਕੇ,
ਨਾ ਅਪਣੇ ਘਰਾਂ ਚੋਂ, ਲੜਾਈ ਗਈ ।
ਬਿਰਖ, ਪੁਰਖ, ਪੰਛੀ ਵੀ ਗਾਵਣਗੇ ਨਾਲ,
ਗ਼ਜ਼ਲ ਜਦ ਮਿਰੀ, ਗੁਣਗੁਣਾਈ ਗਈ ।
ਬਚੀ ਬਸ ਹਿਆਤੀ, ਜ਼ਮਾਨੇ ਤੋਂ ‘ਗਿੱਲ’,
ਓਹ ਵੀ ਤਾਂ! ਜੇ ਇੱਜ਼ਤ ਗਵਾਈ ਗਈ ।
ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ ।
ਕੋਈ ਮੇਰੀ ਗੱਲ ਓਹਨੂੰ, ਸਿੱਧੀ ਨਜ਼ਰ ਅਓਂਦੀ ਨਈਂ ।
ਸੋਚਿਆਂ ਬਿਨ ਕਰ ਰਿਹੈ, ਮੇਰੇ ਤੇ ਓਹ ਸ਼ਿਕਵੇ ਗਿਲ੍ਹੇ,
ਉਸ ਨੂੰ ਖ਼ੌਰੇ ਮੇਰੀ ਮਜਬੂਰੀ, ਨਜ਼ਰ ਅਓਂਦੀ ਨਈਂ ।
ਝੋਲੀਆਂ ਭਰ ਲੋਕ ਬੈਠੇ, ਰੋੜਿਆਂ, ਪਥਰਾਂ ਦੇ ਨਾਲ,
ਇਸ਼ਕ ਮੁਖੜੇ ਡਰ ਦੀ ਪਰ, ਰੱਤੀ ਨਜ਼ਰ ਅਓਂਦੀ ਨਈ ।
ਵੇਖ ਮਜ਼ਲੂਮਾਂ ਨੂੰ ਜਾਂ, ਓਹ ਜਾਣ ਕੇ ਚੁਪ ਹੋ ਰਿਹੈ,
ਯਾ ਫ਼ਿਰ ਇਸ ਆਕਾਸ਼ ਨੂੰ, ਧਰਤੀ ਨਜ਼ਰ ਅਓਂਦੀ ਨਈਂ ।
ਚਾੜ੍ਹ ਲਏ ਲੋਕਾਂ ਚੁਬਾਰੇ, ਮੇਰੇ ਘਰ ਦੇ ਹਰ ਤਰਫ਼,
ਮੇਰੇ ਘਰ ਹੁਣ ਧੁਪ ਉਤਰਦੀ ਵੀ, ਨਜ਼ਰ ਅਓਂਦੀ ਨਈ ।
ਹਸਦੀਆਂ ਸ਼ਕਲਾਂ ਦੇ ਪਿੱਛੇ, ਤਿਊੜਿਆਂ ਤੇ ਨਫ਼ਰਤਾਂ,
ਏਥੇ ਕੋਈ ਚੀਜ਼ ਵੀ ਅਸਲੀ, ਨਜ਼ਰ ਅਓਂਦੀ ਨਈਂ ।
ਜਿਹਨੀਂ ਡਾਲੀਂ ਗੌਂ ਕੇ ਪੰਛੀ, ਉੱਡ ਗਏ, ਪਰਤੇ ਨਈਂ,
ਓਹਨਾਂ ਰੁੱਖਾਂ ਤੇ ਹੀ ਹਰਿਆਲੀ, ਨਜ਼ਰ ਅਓਂਦੀ ਨਈਂ ।
ਜ਼ਿਹਨ ਦੇ ਆਲ਼ੇ ਦਵਾਲੇ, ਏਸਰੈਂ ਗੂੜ੍ਹਾ ਧੁਆਂ,
ਸ਼ਕਲ ਸੋਚਾਂ ਨੂੰ ਵੀ ਹੁਣ ਅਪਣੀ, ਨਜ਼ਰ ਅਓਂਦੀ ਨਈਂ ।
ਲਗ ਗਈ ਜਿਸ ਨੂੰ ਬਿਮਾਰੀ, ਪਿਆਰ ਦੀ ਬਸ ਇਕ ਦਫ਼ਾ,
ਨਾਲ ਦਾਰੂ ਧਾਗਿਆਂ, ਜਾਂਦੀ ਨਜ਼ਰ ਅਓਂਦੀ ਨਈਂ ।
ਬੰਦ ਕਰ ‘ਅਸ਼ਰਫ਼’, ਕਮਾਈ ਸਿਫ਼ਰ ਤੋਂ ਵਧਣੀ ਨਈਂ,
ਇਸ਼ਕ ਦੀ ਹੱਟੀ ਦੇ ਵਿਚ ਖੱਟੀ, ਨਜ਼ਰ ਅਓਂਦੀ ਨਈਂ ।
ਜੀਵਨ ਇਕ ਕਿਤਾਬ ਜਿਵੇਂ,
ਦੁਖ ਸੁਖ ਦੇ ਦੋ ਬਾਬ ਜਿਵੇਂ ।
ਜਾਗਣ ਵੇਲ਼ੇ ਖ਼ਾਹਸ਼ਾਂ ਇੰਜ,
ਨੀਦਰ ਅੰਦਰ ਖ਼ਾਬ ਜਿਵੇਂ ।
ਹਸਦੈ ਪਿਆ ਸਵਾਲਾਂ ਤੇ,
ਦੇਂਦੈ ਪਿਆ ਜਵਾਬ ਜਿਵੇਂ ।
ਨਿਤ ਦਿਨ ਖੁੱਭੀ ਜਾਨੇਂ ਹਾਂ,
ਇਹ ਦੁਨੀਆਂ ਏਂ ਗਾਬ ਜਿਵੇਂ ।
ਰਹਿਤਲ਼ ਅਪਣੀ ਦੁਨੀਆਂ ਵਿਚ,
ਕੰਡਿਆਂ ਵਿਚ ਗੁਲਾਬ ਜਿਵੇਂ ।
ਇੰਜੇ ਬੇ-ਇਤਬਾਰੈ ਓਹ,
ਅਮਰੀਕਾ ਦੀ ਜਾਬ ਜਿਵੇਂ ।
ਆ ਏਵੇਂ ਘੁਲ਼ ਮਿਲ਼ ਜਾਈਏ,
ਰਾਵੀ ਵਿਚ ‘ਚਨਾਬ’ ਜਿਵੇਂ ।
ਹੋਰਾਂ ਖਿੱਚ ਅਮਰੀਕਾ ਇੰਜ,
ਸਾਨੂੰ ਸਿੱਕ ‘ਪੰਜਾਬ’ ਜਿਵੇਂ ।
‘ਅਸ਼ਰਫ਼’ ਅਸਲੀ ਜੀਵਨ ਏਹ,
ਦੇਣਾਂ ਰੋਜ਼ ਹਿਸਾਬ ਜਿਵੇਂ ।