Demo Text
ਕਿਸਮਤਾਂ ਦੀ ਮੌਤ ਸੀ ਲੇਖਾਂ ਦਾ ਫੇਰ ਸੀ
ਸਹਿਮੀਆਂ ਹਵਾਵਾਂ ਸਨ ਖ਼ੂਨੀ ਅਨ੍ਹੇਰ ਸੀ
ਹੌਕਿਆਂ ਦੇ ਜੋੜ ਸਨ ਹਾਵਾਂ ਦਾ ਭੇੜ ਸੀ
ਟੋਟੇ ਸਨ ਤਾਰਿਆਂ ਦੇ ਚੰਨ ਨੂੰ ਤਰੇੜ ਸੀ
ਅੰਬਰਾਂ ਤੇ ਸੋਗ ਸਨ ਬੱਦਲਾਂ ਦੇ ਵੈਣ ਸੀ
ਲਹੂ ਦੀਆਂ ਬਾਰਸ਼ਾਂ ਚਿ ਭੱਜੇ ਹੋਏ ਨੈਣ ਸੀ
ਚੀਕਾਂ ਦੇ ਸਾਜ਼ ਸਨ ਹਾੜਿਆਂ ਦੇ ਗੀਤ ਸੀ
ਮੇਲਾਂ ਤੇ ਮਿਲਾਪਾਂ ਵਾਲੀ ਰੁੱਤ ਗਈ ਬੀਤ ਸੀ
ਲਹੂ ਨਾਲ਼ ਭਰੀਆਂ ਕਰੂਲੀਆਂ ਦੀ ਰਾਤ ਸੀ
ਵਿਛੋੜਿਆਂ ਦੀ ਰਾਤ ਸੀ ਤੇ ਸੂਲੀਆਂ ਦੀ ਰਾਤ ਸੀ
ਥਾਂ ਥਾਂ ਰੱਬ ਦੀ ਰਹਿਮਤ ਵਸਦੀ, ਕਿਰਦਾ ਨੂਰ ਸਵੇਰੇ।
ਅੱਜ ਵੀ ਆਉਂਦਾ ਸਾਡੇ ਪਿੰਡ ਵਿੱਚ ਵੇਖ ਸਰੂਰ ਸਵੇਰੇ।
ਮੈਂ ਸੁਣਿਆ ਜਦ ਪੱਥਰਾਂ ਪੜ੍ਹੀਆਂ ਪਾਕ ਨਬੀ ਦੀਆਂ ਨਾਅਤਾਂ,
ਅੱਲ੍ਹਾ ਅੱਲ੍ਹਾ ਕਰਦਾ ਸੀ ਹਰ ਰੁੱਖ ਦਾ ਬੂਰ ਸਵੇਰੇ।
ਉਹਦਾ ਬਿਰਦ ਪਕਾਉਂਦੇ ਪੰਛੀ ਚੋਗਾਂ ਲਈ ਉੱਡ ਜਾਂਦੇ,
ਉਹਦੀ ਆਸ ’ਤੇ ਟੁਰ ਪੈਂਦੇ ਨੇ ਸਭ ਮਜ਼ਦੂਰ ਸਵੇਰੇ।
ਕਸਮੇ ਇੱਕ ਇੱਕ ਘਰ ਤੇ ਕਸਮੇ ਇੱਕ ਇੱਕ ਵਿਹੜੇ ਅੰਦਰ,
ਰੋਜ਼ ਤੌਹੀਦੀ ਤਪਦਾ ਡਿੱਠਾ ਮੈਂ ਤੰਦੂਰ ਸਵੇਰੇ।
ਮੇਰੀ ਜੰਨਤੀ ਮਾਂ ਸੀ ਕਸਮੇ ਰੋਜ਼ ਮੁਸੱਲੇ ਉੱਤੋਂ,
ਉੱਠਦੀ ਪਾਕ ਦਰੂਦਾਂ ਵਾਲਾ ਭਰ ਕੇ ਪੂਰ ਸਵੇਰੇ।
ਆ ਕੇ ਵੇਖ ਨਮਾਜ਼ਾਂ ਪੜ੍ਹਦੇ ਅੱਜ ਵੀ ਇੱਕ ਮਸੀਤੇ,
ਸਾਡੇ ਪਿੰਡ ਦੇ ਤਗੜੇ ਮਾੜੇ ਤੇ ਮਜਬੂਰ ਸਵੇਰੇ।
ਰੱਬ ਸਲਾਮਤ ਰੱਖੇ ‘ਸੰਧੂ’ ਚਾਨਣ ਸਾਡੇ ਪਿੰਡ ਦਾ,
ਯਾਰ ਕਦੀ ਨਾ ਹੋਵਣ ਸਾਡੇ ਪਿੰਡ ਤੋਂ ਦੂਰ ਸਵੇਰੇ।
ਜਿਹੜੀ ਸੋਚ ਦੀ ਲੋੜ ਸੀ ਸਾਨੂੰ,ਉਹਦਾ ਕਾਲ ਏ ਚਾਚਾ
ਤਾਂ ਤੇ ਸਾਡਾ ਡੰਗਰਾਂ ਤੋਂ ਵੀ ਭੈੜਾ ਹਾਲ ਏ ਚਾਚਾ
ਮੈਨੂੰ ਤੂੰ ਇਹ ਸੋਚ ਕੇ ਦੱਸ ਖਾਂ ਆਪਣੇ ਦੇਸ਼ ਦੇ ਅੰਦਰ
ਬੇਵਸਿਆਂ ਤੇ ਬੇਹੱਸਿਆਂ ਨੂੰ ਕਿਤਵਾਂ ਸਾਲ ਏ ਚਾਚਾ
ਮੈਨੂੰ ਚੁੱਪ ਕਰਾ ਦਿੰਦੇ ਨੇ ,ਉਹਨੂੰ ਕੁਝ ਨਹੀਂ ਕਹਿੰਦੇ
ਉਹ ਤਗੜੇ ਦਾ ਪੁੱਤਰ ਵੀ ਤੇ ਕੱਲ੍ਹ ਦਾ ਬਾਲ ਏ ਚਾਚਾ
ਘਰ ਘਰ ਲੱਗੀ ਇੱਟ ‘ਤੇ ਜੇ ਮਜ਼ਦੂਰ ਦਾ ਲਹੂ ਨਈਂ ਲੱਗਿਆ
ਮੈਨੂੰ ਵੀ ਫਿਰ ਦੱਸ ਖਾਂ ਇਹਦਾ ਰੰਗ ਕਿਉਂ ਲਾਲ ਏ ਚਾਚਾ
ਜੋ ਜੰਮਿਆਂ ਸਹਿੰਦੇ ਪਏ ਨੇ ਮਾੜੇ ਈ ਦੁੱਖ ਸਾਰੇ
ਆਪਣੇ ਪਿੰਡ ਤੇ ਰੱਬ ਵੀ ਖ਼ੌਰੇ ਤਗੜੇ ਨਾਲ ਏ ਚਾਚਾ
ਹੁਣ ਵੀ ਜੇ ਨਾ ਲੋਕੀਂ ਬਦਲੇ ਤੇ ਫਿਰ ਇਸ ਤੋਂ ਅੱਗੇ
ਸਿੱਧੀ ਸਾਵੀਂ ਅੰਨ੍ਹੇ ਖੂਹ ਵਿਚ ਅੰਨ੍ਹੀ ਛਾਲ ਏ ਚਾਚਾ
ਜਿਹੜੇ ਬਾਗ਼ ਨੂੰ ਲਾਉਂਦੇ ਰਹਿਗੇ ਤੋਤੇ, ਮੋਰ ਤੇ ਚਿੜੀਆਂ
ਗਿਰਝਾਂ ਤੇ ਕੁਝ ਕਾਵਾਂ ਰਲ਼ ਕੇ ਦਿੱਤਾ ਗਾਲ਼ ਏ ਚਾਚਾ
ਨਿੱਤ ਗਲੀ ‘ਚੋਂ ਲੰਘਦਾ ਏ ਜੋ ਵਾਅ ਦੇ ਬੁੱਲੇ ਵਰਗਾ
ਬਾਕੀ ਦਾ ਤੂੰ ਛੱਡ, ਪਰ ਓਹਦੀ ਟੋਰ ਕਮਾਲ ਏ ਚਾਚਾ
“ਸੰਧੂ” ਇੱਕੋ ਗੱਲ ਪੁੱਛਦਾ ਏ ਦੂਰ ਕਰਨ ਵਿਚ ਸਾਨੂੰ
ਬੰਦੇ ਹੁਣ ਤੱਕ ਸਮਝੇ ਕਿਉਂ ਨਈਂ ਕੀਹਦੀ ਚਾਲ ਏ ਚਾਚਾ
ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ
ਰੱਬ ਦੀ ਕਸਮ ਏ ਜੰਗਾਂ ਲਾ ਕੇ ਕੁਝ ਨਈਂ ਮਿਲਣਾ ਸਾਨੂੰ
ਇੱਕੋ ਧਰਤੀ ਮਾਂ ਏ ਸਾਡੀ, ਇਕ ਧਰਤੀ ਦੇ ਜਾਏ
ਧਰਤੀ ਮਾਂ ‘ਤੇ ਬੰਬ ਚਲਾ ਕੇ ਕੁਝ ਨਈਂ ਮਿਲਣਾ ਸਾਨੂੰ
ਦੀਨ ਧਰਮ ਦੇ ਠੇਕੇਦਾਰਾਂ ਪਿੱਛੇ ਲੱਗ ਕੇ ਮਿੱਤਰੋ
ਸੋਚ ਲਓ ਮਸਜਿਦ ਮੰਦਰ ਢਾਹ ਕੇ ਕੁਝ ਨਈਂ ਮਿਲਣਾ ਸਾਨੂੰ
ਪਹਿਲੇ ਵੀ ਨੇ ਖ਼ੌਰੇ ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ
ਫਿਰ ਮਾਵਾਂ ਦੇ ਪੁੱਤ ਮਰਵਾ ਕੇ ਕੁਝ ਨਈਂ ਮਿਲਣਾ ਸਾਨੂੰ
ਓਧਰ ਖਿੜ ਖਿੜ ਤੂੰ ਹੱਸ ਸੱਜਣਾ ਏਧਰ ਮੈਂ ਵੀ ਹੱਸਾਂ
ਇਕ ਦੂਜੇ ਵੱਲ ਘੂਰੀ ਪਾ ਕੇ ਕੁਝ ਨਈਂ ਮਿਲਣਾ ਸਾਨੂੰ
ਦੂਰੀ ਪੈ ਗਈ ਫੇਰ ਕੀ ਹੋਇਆ, ਸਾਂਝਾਂ ਤੇ ਨਈਂ ਮੁੱਕੀਆਂ
ਢੇਰ ਪੁਰਾਣੀ ਸਾਂਝ ਮੁਕਾ ਕੇ ਕੁਝ ਨਈਂ ਮਿਲਣਾ ਸਾਨੂੰ
ਸਾਡਾ ਸਾਵਾ ਚਿੱਟਾ ਵੱਸੇ, ਤੇਰਾ ਵੀ ਤਿੰਨ ਰੰਗਾ
ਇਕ ਦੂਜੇ ਦੇ ਰੰਗ ਮਿਟਾ ਕੇ ਕੁਝ ਨਈਂ ਮਿਲਣਾ ਸਾਨੂੰ
ਆ ਖਾਂ ‘ਸੰਧੂ’ ਇਕ ਥਾਂ ਬਹਿ ਕੇ ਵੈਰ ਦਾ ਜ਼ਹਿਰ ਮੁਕਾਈਏ
ਇਕ ਦੂਜੇ ਨੂੰ ਨਾਗ ਲੜਾ ਕੇ ਕੁਝ ਨਈਂ ਮਿਲਣਾ ਸਾਨੂੰ
ਕਿੰਝ ਬਦਲੇ ਨੇ ਰਾਹ ਵੇ ਢੋਲਾ
ਵਾਹ ਵੇ ਢੋਲਾ, ਵਾਹ ਵੇ ਢੋਲਾ
ਮੁੜਕੇ ਖ਼ਵਰੇ ਕਦ ਬੀਜਾਂਗੇ
ਸਾਂਝੀ ਕਣਕ ਕਪਾਹ ਵੇ ਢੋਲਾ
ਕੀ ਖੱਟਿਆ ਏ ਮਨ-ਮਰਜ਼ੀ ਦੇ
ਗਲ਼ ਵਿਚ ਪਾ ਕੇ ਫਾਹ ਵੇ ਢੋਲਾ
ਸਤਲੁਜ ਕੰਢੇ ਰਲ਼ ਕੇ ਪੀਤੀ
ਭੁਲ ਗਿਉਂ ਗੁੜ ਦੀ ਚਾਹ ਵੇ ਢੋਲਾ
ਹਰ ਇਕ ਈਦ-ਵਿਸਾਖੀ ਲੰਘੀ
ਭਰ-ਭਰ ਠੰਢੇ ਸਾਹ ਵੇ ਢੋਲਾ
ਆ ਫਿਰ ਵਿਹੜਾ ਇੱਕੋ ਕਰੀਏ
ਕੰਧ ਨੂੰ ਦਈਏ ਢਾਹ ਵੇ ਢੋਲਾ
ਸਾਡੇ ਚੰਨ ਵੀ ਚੁੰਨ੍ਹੇ ਨਿਕਲੇ
ਸੂਰਜ ਕਾਲ਼ੇ-ਸ਼ਾਹ ਵੇ ਢੋਲਾ
ਹੋਸ਼ਾਂ ਆਈਆਂ ਜਦ ਸੀ ਪਾਈ
ਸਿਰ ਵਿਚ ਆਪ ਸਵਾਹ ਵੇ ਢੋਲਾ
ਮਯੀਅਤਾਂ ਨਾਲ਼ ਈ ਹੁੰਦੇ ਰਏ ਨੇ
ਏਥੇ ਰੋਜ਼ ਵਿਆਹ ਵੇ ਢੋਲਾ
ਹੁੰਦੇ ਨਈਂ ਪਰ ਹੋ ਜਾਂਦੇ ਨੇ
ਲੋਕੀਂ ਬੇਪਰਵਾਹ ਵੇ ਢੋਲਾ
ਮੈਥੋਂ ਵੱਧ ਉਡੀਕੇ ਤੈਨੂੰ
ਮੇਰੇ ਪਿੰਡ ਦੀ ਰਾਹ ਵੇ ਢੋਲਾ
ਹੁਣ ਨਈਂ ‘ਸੰਧੂ’ ਬਾਝੋਂ ਪੈਂਦੇ
ਉਹ ਕਣਕਾਂ ਦੇ ਗਾਹ ਵੇ ਢੋਲਾ
ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ
ਦੁੱਖ ਹੋਇਆ ਜਦ ਫੁੱਲਾਂ ਵਰਗੇ ਮੁੱਖ ਨੇ ਇੱਟਾਂ ਢੋਈਆਂ
ਐਵੇਂ ਤੇ ਨਈਂ ਬਣ ਗਏ ਮਿੱਤਰਾ ਤੇਰੇ ਮਹਿਲ ਮੁਨਾਰੇ
ਲੋੜ ਕਿਸੇ ਦੀ ਗਾਰਾ ਦਿੱਤਾ, ਭੁੱਖ ਨੇ ਇੱਟਾਂ ਢੋਈਆਂ
ਬਾਊ ਜੀ ਮੈਂ ਇੰਝ ਨਈਂ ਪੜ੍ਹਿਆ, ਪੜ੍ਹਨ ਲਈ ਸਾਡੇ ਘਰ ਦੀ
ਛਾਂ ਨੇ ਘਰ ਘਰ ਭਾਂਡੇ ਮਾਂਜੇ, ਰੁੱਖ ਨੇ ਇੱਟਾਂ ਢੋਈਆਂ
ਹਸਦੇ ਵਸਦੇ ਦੰਦੀਆਂ ਕਢਦੇ ਸੁੱਖ ਨੂੰ ਕਿੰਝ ਸਮਝਾਵਾਂ
ਖ਼ੌਰੇ ਕਿਹੜੇ ਦੁੱਖੋਂ ਕਿਹੜੇ ਦੁੱਖ ਨੇ ਇੱਟਾਂ ਢੋਈਆਂ
ਅੱਜ ਵੀ ਇੱਟਾਂ ਢੋਵਣ ਵਾਲੇ ਉਹੀਓ ਨੇ ਨਾ ‘ਸੰਧੂ’
ਉਹ ਜਿੰਨ੍ਹਾਂ ਦੇ ਜੰਮਣੋ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ
ਐਨੇ ਕੁ ਰੰਗ ਲਾ ਨੀ ਮਾਏ ਧਰਤੀਏ।
ਪੂਰੇ ਹੋਵਣ ਚਾਅ ਨੀ ਮਾਏ ਧਰਤੀਏ।
ਹੱਸਦੇ ਵਸਦੇ ਚੇਤਰ ਸੂਲੀ ਚੜ੍ਹ ਗਏ ਨੇ,
ਰੰਡੀ ਹੋ ਗਈ ਵਾਅ ਨੀ ਮਾਏ ਧਰਤੀਏ।
ਐਨੇਂ ਵੀ ਨਾ ਘਰ ਉਜਾੜਣ ਚਿੜੀਆਂ ਦੇ,
ਪੁੱਤਰਾਂ ਨੂੰ ਸਮਝਾ ਨੀ ਮਾਏ ਧਰਤੀਏ।
ਬੁਰਕੀ ਬੁਰਕੀ ਕਰ ਕੇ ਸਾਡੇ ਜੀਵਨ ਨੂੰ,
ਲੋੜਾਂ ਗਈਆਂ ਖਾ ਨੀ ਮਾਏ ਧਰਤੀਏ।
ਸਾਡੀ ਕੜਮੀ ਭੁੱਖ ਨੇ ਕਸਮੇ ਤੈਨੂੰ ਵੀ,
ਦਿੱਤਾ ਗਹਿਣੇ ਪਾ ਨੀ ਮਾਏ ਧਰਤੀਏ।
ਤੂੰ ਹੀ ਤੱਤੜੀ ਮਾਂ ਏਂ ਸੱਭੇ ਮਾਵਾਂ ਦੀ,
ਤੈਨੂੰ ਸਾਰੇ ਤਾ ਨੀ ਮਾਏ ਧਰਤੀਏ।
ਕਿਸੇ ਦੇ ਘੁੱਟ ਭਰਿਆਂ ਫ਼ਰਕ ਨੀ ‘ਸੰਧੂ’ ਨੂੰ,
‘ਸੰਧੂ’ ਏ ਦਰਿਆ ਨੀ ਮਾਏ ਧਰਤੀਏ।
ਮੈਂ ਤੂੰ ਤੇ ਚੰਨ ਤਾਰੇ ਆਪੋ ਆਪ
ਦਿਨ ਚੜ੍ਹਿਆ ਤੇ ਚਾਰੇ ਆਪੋ ਆਪ
ਮਾਪੇ ਸਨ ਤੇ ਸਾਰੇ ਇੱਕੋ ਮੁੱਠ
ਮਾਪੇ ਨਈਂ ਤੇ ਸਾਰੇ ਆਪੋ ਆਪ
ਕਿਹੜਾ ਬੰਦਾ ਏ ਤੇ ਕਿਹੜਾ ਸੱਪ
ਸੋਚੋ ਆਪਣੇ ਬਾਰੇ ਆਪੋ ਆਪ
ਪਏ ਰਹਿਨੇ ਆਂ ਮੈਂ ਤੇ ਮੇਰੀ ਜਿੰਦ
ਸ਼ਾਮੀਂ ਥੱਕੇ ਹਾਰੇ ਆਪੋ ਆਪ
‘ਸੰਧੂ’ ਏਥੇ ਲੋਕੀ ਜੀਭ ਦੀ ਥਾਂ
ਲਈ ਫਿਰਦੇ ਨੇ ਆਰੇ ਆਪੋ ਆਪ
ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ
ਬਾਕੀ ਦੇ ਦਸਤਾਰਾਂ ਚੰਨ ਚੜ੍ਹਾਏ ਨੇ
ਸੋਚੋ ਤੇ ਸਹੀ ਇੰਝ ਭਲਾ ਚੰਨ ਚੜ੍ਹਦੇ ਨੇ
ਅਜ ਕਲ੍ਹ ਕਿੰਝ ਅਖ਼ਬਾਰਾਂ ਚੰਨ ਚੜ੍ਹਾਏ ਨੇ
ਚੋਰ ਤੇ ਚੋਰ ਨੇ ਉਹਨਾ ਦਾ ਕੀਹ ਕਰਨਾ ਏ
ਜਿਹੜੇ ਪਹਿਰੇਦਾਰਾਂ ਚੰਨ ਚੜ੍ਹਾਏ ਨੇ
ਹੱਥੀਂ ਫਾਹੇ ਲਾ ਕੇ ਸਾਂਝ ਦੇ ਸੂਰਜ ਨੂੰ
‘ਸੰਧੂ’ ਕਿੰਝ ਦੀਵਾਰਾਂ ਚੰਨ ਚੜ੍ਹਾਏ ਨੇ
ਇਕੇ ਰੁੱਖ ਤੇ ਪਲ਼ ਕੇ ਚਿੜੀਆਂ
ਰਹਿ ਨਾ ਸਕੀਆਂ ਰਲ਼ ਕੇ ਚਿੜੀਆਂ
ਬਾਜ਼ ਕਮੀਨੇ ਕੱਚੀਆਂ ਖਾ ਗਏ
ਬੰਦੇ ਖਾ ਗਏ ਤਲ਼ ਕੇ ਚਿੜੀਆਂ
ਇੱਕ ਇੱਕ ਪਿੰਜਰੇ ਪਾ ਦਿੰਦੇ ਨੇਂ
ਮਾਪੇ ਹੱਥੀਂ ਵਲ਼ ਕੇ ਚਿੜੀਆਂ
ਮੁੜ ਕੇ ਜੰਗਲੀਂ ਜਾ ਵੜੀਆਂ ਨੇਂ
ਸ਼ਹਿਰਾਂ ਤੋਂ ਸੜ ਬਲ਼ ਕੇ ਚਿੜੀਆਂ
ਲੈ ਨੀ ਮਾਏ ਟੁਰ ਚੱਲੀਆਂ ਨੀ
ਸ਼ਗਨਾਂ ਦੇ ਰੰਗ ਮਲ਼ ਕੇ ਚਿੜੀਆਂ
ਦੁੱਖ ਦੇ ਗੀਤ ਸੁਣਾਵਨ ‘ਸੰਧੂ’
ਘਰ ਘਰ ਉਮਰੋਂ ਢਲ਼ ਕੇ ਚਿੜੀਆਂ
ਕਿਹੜੀ ਕਿਹੜੀ ਸ਼ੈਅ ਮੈਂ ਦੱਸਾਂ ਜੋ ਨਈਂ ਭੁੱਲਦੀ ਮੈਨੂੰ
ਪਿੰਡ ਦੀ ਸ਼ਾਮ ਸੁਹਾਣੀ ਚੰਨ ਦੀ ਲੋਅ ਨਈਂ ਭੁੱਲਦੀ ਮੈਨੂੰ
ਬੇਸ਼ੱਕ ਭਾਵੇਂ ਪਿੰਡ ਦੀ ਇਕ ਇਕ ‘ਵਾਜ ਨੂੰ ਭੁੱਲ ਵੀ ਜਾਵਾਂ
‘ਵਾਜ ਨੂੰ ਸੁਣਕੇ ਅੱਗਿਓਂ ਕਰਨੀ ਹੋਅ ਨਈਂ ਭੁੱਲਦੀ ਮੈਨੂੰ
ਪਿੰਡ ਦੇ ਓਸ ਮਦਰੱਸੇ ਅੰਦਰ ਟਾਟਾਂ ਉੱਤੇ ਬਹਿ ਕੇ
ਰਲ ਕੇ ਜਿਹੜੀ ਪੜ੍ਹਦੇ ਸਾਂ ਇੱਕ ਦੋ ਨਈਂ ਭੁੱਲਦੀ ਮੈਨੂੰ
ਪੀਠੀ ਲਾ ਕੇ ਦੇਸੀ ਘਿਉ ਵਿੱਚ ਮਾਂ ਦੇ ਹੱਥ ਦੀ ਪੱਕੀ
ਲੁਸ ਲੁਸ ਕਰਦੀ ਰੋਟੀ ਦੀ ਖੁਸ਼ਬੋ ਨਈਂ ਭੁੱਲਦੀ ਮੈਨੂੰ
ਤਰਸ ਗਈਆਂ ਨੇ ਅੱਖਾਂ
ਦੁੱਧ ਮਧਾਣੀ ਨੂੰ
ਪਿੰਡ ਦੀ ਰਾਣੀ ਨੂੰ
ਪਿਆਰ ਪ੍ਰੀਤ ‘ਚ ਗੁੰਦੀ
ਸਾਂਝ ਪੁਰਾਣੀ ਨੂੰ
ਲੱਭਦਾ ਫਿਰਨਾ ਅੱਜ ਵੀ
ਹਲ ਪੰਜਾਲ਼ੀ ਨੂੰ
ਚੰਨ ਜਿਹੇ ਹਾਲ਼ੀ ਨੂੰ
ਸਾਵੀ ਪੀਲੀ ਜੋੜੀ
ਕਰਮਾਂ ਵਾਲੀ ਨੂੰ
ਕਿੱਥੋਂ ਮੋੜ ਲਿਆਵਾਂ
ਘਿਓ ਦੀ ਚੂਰੀ ਨੂੰ
ਕੰਢੀ ਬੂਰੀ ਨੂੰ
ਕਿਹੜੀ ਜੂਹ ‘ਚੋਂ ਲੱਭ ਕੇ
ਭੱਠ ਤੰਦੂਰੀ ਨੂੰ
ਕਿੰਝ ਭੁਲਾਵਾਂ ਲੰਮੀ
ਗੁੱਤ ਤੇ ਜੂੜੇ ਨੂੰ
ਅੰਬ ਲਸੂੜੇ ਨੂੰ
ਮਹਿੰਦੀ ਵਾਲੇ ਹੱਥ ‘ਤੇ
ਸਾਵੇ ਚੂੜੇ ਨੂੰ
ਦਿਲ ‘ਚੋਂ ਕੱਢ ਨਹੀਂ ਸਕਿਆ
ਪਿੱਪਲ ਬੋਹੜਾਂ ਨੂੰ
ਖੂਹ ਦਿਆਂ ਮੌੜਾਂ ਨੂੰ
ਸਾਡੀ ਰਹਿਤ ਬਹਿਤ ਦੇ
ਕੁੱਲ ਨਿਚੋੜਾਂ ਨੂੰ
ਭੁੱਲਾਂ ਤੇ ਮਰ ਜਾਵਾਂ
ਖੱਟ ਘੜੋਲੀ ਨੂੰ
ਛੱਜ ਭੜੋਲੀ ਨੂੰ
ਗੁੜ ਤੇ ਖੰਡ ਤੋਂ ਮਿੱਠੀ
ਮਾਂ ਦੀ ਬੋਲੀ ਨੂੰ
ਖੁਸ਼ੀਆਂ, ਹਾਸੇ, ਛਾਵਾਂ ਕੁਝ ਵੀ ਰਹਿੰਦਾ ਨਈਂ
ਮਰ ਜਾਵਣ ਜਦ ਮਾਵਾਂ ਕੁਝ ਵੀ ਰਹਿੰਦਾ ਨਈਂ
ਚੇਤੇ ਰੱਖਿਓ ਆਪਣਾ ਵੀ ਹੱਕ ਮੰਗਣ ‘ਤੇ
ਜਿੱਥੇ ਮਿਲਣ ਸਜ਼ਾਵਾਂ ਕੁਝ ਵੀ ਰਹਿੰਦਾ ਨਈਂ
ਜੋਬਨ ਰੁੱਤੇ ਮੇਰੇ ਵਰਗੇ ਰੁੱਖਾਂ ਨੂੰ
ਖਾ ਜਾਵਣ ਜੇ ਛਾਵਾਂ ਕੁਝ ਵੀ ਰਹਿੰਦਾ ਨਈਂ
ਜਿਹੜੇ ਦੇਸ ‘ਚ ਥੋਬੇ ਲਾ ਕੇ ਮੂੰਹਾਂ ‘ਤੇ
ਨੱਪੀਆਂ ਜਾਣ ਸਦਾਵਾਂ ਕੁਝ ਵੀ ਰਹਿੰਦਾ ਨਈਂ
ਜਿਸ ਧਰਤੀ ‘ਤੇ ਭੇਸ ਵਟਾ ਕੇ ਬੰਦਿਆਂ ਦੇ
ਫ਼ਿਰਦੀਆਂ ਹੋਣ ਬਲਾਵਾਂ ਕੁਝ ਵੀ ਰਹਿੰਦਾ ਨਈਂ
ਦਾਣੇ ਬਦਲੇ ਛੱਜ ਨਈਂ ਬਦਲੇ
ਪੱਜ ਬਦਲੇ ਨੇ ਜੱਜ ਨਈਂ ਬਦਲੇ
ਤੂੰ ਈ ਦੱਸ ਹੁਣ ਕਿੱਥੇ ਘੱਲੀਏ
ਕਰਕੇ ਜਿਹੜੇ ਹੱਜ ਨਈਂ ਬਦਲੇ
ਕੱਲ੍ਹ ਨੂੰ ਦੱਸ ਖਾਂ ਕਿੰਝ ਬਦਲਣਗੇ
ਜੋ ਸਾਡੇ ਤੋਂ ਅੱਜ ਨਈਂ ਬਦਲੇ
ਸਬ ਕੁਝ ਬਦਲ ਗਿਆ ਪਰ ਤੇਰੇ
ਲਾਰੇ, ਲੱਪੇ, ਪੱਜ ਨਈਂ ਬਦਲੇ
ਕੱਲ੍ਹ ਵੀ ਸਨ ਤੇ ਅੱਜ ਵੀ ‘ਸੰਧੂ’
ਨੲਈਂ ਜਿੰਨ੍ਹਾਂ ਨੂੰ ਲੱਜ ਨਈਂ ਬਦਲੇ