ਨਿਰਮਲ ਦੱਤ

Nirmal Dutt

ਦਰਵਾਜ਼ੇ

ਹੁਣ
ਸਾਰੇ ਦਰਵਾਜ਼ੇ ਬੰਦ ਨੇ |

ਹੁਣ ਥ੍ਹੋੜਾ ਚਿਰ
ਬਹਿ ਕੇ ਕਿਧਰੇ
ਦਮ ਲੈਨੇ ਆਂ |

ਨਹੀਂ
ਦਸਤਕ ਦੀ
ਲੋੜ ਨਹੀਂ ਹੈ |

ਦਰਵਾਜ਼ੇ,
ਦਰਵਾਜ਼ੇ ਹੀ ਨੇ:
ਬੰਦ ਹੁੰਦੇ ਨੇ,
ਖੁੱਲ੍ਹ ਜਾਂਦੇ ਨੇ,
ਬੰਦ ਹੁੰਦੇ ਨੇ,
ਖੁੱਲ੍ਹ ਜਾਂਦੇ ਨੇ…………..!

ਗ਼ਜ਼ਲ

ਇਹ ਜੋ ਵਰਜਿਤ ਰਸਤੇ ਤੇਰੇ ਯਾਰ ਬਣੇ ਨੇ,
ਕੁਝ ਕਾਫ਼ਿਰ, ਆਵਾਰਾ, ਕੁਝ ਅਵਤਾਰ ਬਣੇ ਨੇ |

ਗੱਲ, ਗੱਲ ‘ਤੇ ਲੜਦੀ ਹੈ ਤਾਂ ਖ਼ੁਸ਼ ਹੁੰਦਾ ਹਾਂ,
ਤਕਰਾਰਾਂ ਦੇ ਅੱਗੇ ਚੱਲ ਕੇ ਪਿਆਰ ਬਣੇ ਨੇ |

ਦਿਲ ਦੇ ਦਰ ‘ਤੇ ਦਸਤਕ ਦਿੰਦੇ ਪਾਗ਼ਲਪਨ ਹੀ,
ਹਰ ਇੱਕ ਪਾਗ਼ਲਪਨ ਦਾ ਖ਼ੁਦ ਉਪਚਾਰ ਬਣੇ ਨੇ |

ਜਿਸਮਾਂ ਦੇ ਉਪਨਿਸ਼ਦਾਂ ਵਿੱਚੋਂ ਜੰਮਦੇ ਦੁਖੜੇ,
ਉਪਨਿਸ਼ਦਾਂ ਦੇ ਜਿਸਮਾਂ ਦਾ ਸ਼ਿੰਗਾਰ ਬਣੇ ਨੇ |

ਫ਼ਿਰ ਕੁਝ ਬਾਗ਼ੀ ਬੋਲ ਸਲੀਬਾਂ ਚੁੱਕੀ ਫ਼ਿਰਦੇ,
ਫ਼ਿਰ ਔੜਾਂ ਵਿੱਚ ਬਾਰਿਸ਼ ਦੇ ਆਸਾਰ ਬਣੇ ਨੇ |

ਇਹ ਲੋਰੀ ਦੇ ਟੁਕੜੇ, ਇਹ ਅੱਖਾਂ ਦੇ ਤਾਰੇ,
ਖਾਲੀ ਮੇਰੀ ਜ੍ਹੇਬ ਤੇ ਇਹ ਬਾਜ਼ਾਰ ਬਣੇ ਨੇ |

ਚੰਨ ਦੀਆਂ ਚਿੱਪਰਾਂ

ਅੱਕੇ-ਅੱਕੇ ਅੰਗਾਂ ਵਾਲ਼ੀ
ਥੱਕੀ-ਜਿਹੀ ਸਵੇਰ
ਬੈਠੀ ਰਾਤ ਦੀਆਂ ਕਾਤਰਾਂ ਫਰੋਲ਼ |

ਚੰਨ ਦੀਆਂ ਚਿੱਪਰਾਂ
ਜੋ ਰਾਤੀਂ ਚੋਰੀ ਤੋੜੀਆਂ ਨੇ
ਕੁਝ ਤੇਰੇ, ਕੁਝ ਮੇਰੇ ਕੋਲ਼ |

ਨੇਫੇ ਵਿੱਚੋਂ ਕੱਢ
ਕਿਤੇ ਚੇਤੇ ‘ਚ ਲੁਕੋ ਕੇ ਰੱਖੀਂ
ਪਲਾਂ ਦੇ ਇਹ ਤੋਹਫ਼ੇ ਅਨਮੋਲ |

ਏਨ੍ਹਾਂ ਨੇ ਹੀ ਕੰਮ ਆਉਣਾ
ਸੁੰਨੇ-ਸੁੰਨੇ ਵੇਲ਼ਿਆਂ ‘ਚ
ਚਿੱਤ ਜਦੋਂ ਐਵੇਂ ਜਾਊ ਡੋਲ |

ਏਨ੍ਹਾਂ ਦਾ ਕਮਾਲ ਵੇਖੀਂ
ਜਦੋਂ ਵੀ ਸਤਾਊ ਤੈਨੂੰ
ਕਾਲ਼ੇ-ਕਾਲ਼ੇ ਦਿਨਾਂ ਦੀ ਭੂਗੋਲ |

ਬਾਣੀ ਕਹੋ ਕਬੀਰ ਜੀ

ਬਾਣੀ ਕਹੋ ਕਬੀਰ ਜੀ, ਮਨ ਨੂੰ ਦੇਵੋ ਮੌਜ,
ਐਵੇਂ ਦਿਲ ਪਰਚਾ ਰਹੀ ਸੰਤਾਂ ਦੀ ਇੱਕ ਫੌਜ |

ਬਾਣੀ ਕਹੋ ਕਬੀਰ ਜੀ, ਮਨ ਨੂੰ ਦਿਓ ਸਕੂਨ,
ਧਰਮਾਂ ਕੋਲ਼ੇ ‘ਨ੍ਹੇਰ ਹੈ, ਮਜ਼੍ਹਬਾਂ ਕੋਲ਼ ਜਨੂੰਨ |

ਬਾਣੀ ਕਹੋ ਕਬੀਰ ਜੀ, ਐਸਾ ਹੋਏ ਕਮਾਲ,
ਨੈਣਾਂ ਨੂੰ ਰਸਤਾ ਦਿਸੇ, ਮਨ ਦੇ ਮਿਟਣ ਜੰਜਾਲ |

ਡਰ ਦਾ ਇਹ ਭੇਤ ਪਾ ਲਿਆ ਹੈ ਮੈਂ:

ਡਰ ਦਾ ਇਹ ਭੇਤ ਪਾ ਲਿਆ ਹੈ ਮੈਂ:
ਡਰ ਦੇ ਡਰ ਨੂੰ ਮਿਟਾ ਲਿਆ ਹੈ ਮੈਂ
ਹੁਣ ਨੇ ਬੇ-ਅਸਰ ‘ਨ੍ਹੇਰੀਆਂ ਰਾਤਾਂ
ਇੱਕ ਸੂਰਜ ਬਣਾ ਲਿਆ ਹੈ ਮੈਂ |

ਫੁੱਲ ਦੀ ਖ਼ੁਸ਼ਬੂ ਨੇ ਮੋਹ ਲਈ ਤਿੱਤਲੀ
ਫੁੱਲ ਦੇ ਰੰਗ ਦੀ ਹੋ ਗਈ ਤਿੱਤਲੀ
ਹੋ ਕੇ ਪੱਤਝੜ ਦੇ ਡਰ ਤੋਂ ਬੇ-ਪਰਵਾਹ
ਇੱਕ ਸੁਪਨੇ ‘ਚ ਖੋ ਗਈ ਤਿੱਤਲੀ |

ਤੈਨੂੰ ਜੇ ਖ਼ੁਦ ‘ਤੇ ਏਤਬਾਰ ਨਹੀਂ
ਤੇਰੇ ਦੁੱਖ ਦਾ ਕੋਈ ਉਪਚਾਰ ਨਹੀਂ
ਆਪਣੀ ਵਿੱਸਰੀ ਹਕੀਕਤ ਨੂੰ ਜ਼ਰਾ ਯਾਦ ਤਾਂ ਕਰ
ਤੇਰੀ ਤਾਕਤ, ਤੇਰੀ ਸ਼ਕਤੀ ਦਾ ਕੋਈ ਪਾਰ ਨਹੀਂ |

ਭਗਵੇਂ, ਕਾਲ਼ੇ ਪਾ ਕੇ ਬੈਠੇ, ਲੱਗਦੇ ਬੜੇ ਸਿਆਣੇ
ਨਾ ਇੱਕ ਨੂੰ ਕੋਈ ਖੋਜ-ਖ਼ਬਰ ਹੈ, ਨਾ ਕੁਝ ਦੂਜਾ ਜਾਣੇ
ਜੀ ਕਰਦੈ ਮਿਹਨਤਕਸ਼ ਲੋਕੀ ਕਹਿਣ ਇਨ੍ਹਾਂ ਨੂੰ ਜਾ ਕੇ
ਮਿਹਨਤ ਹੈ ਤਾਂ ਭਰਨ ਪੰਘੂੜੇ, ਤਾਂਹੀਂਓਂ ਉੱਗਦੇ ਦਾਣੇ |

ਰਾਤ ਜਦੋਂ ਆਵੇ

ਰਾਤ ਜਦੋਂ ਆਵੇ
ਕੁਝ ਤਾਰੇ
ਧੁੰਦਲਾ-ਧੁੰਦਲਾ ਵੇਖਣ ਵਾਲ਼ੇ
ਬੁੱਢਿਆਂ ਵਾਂਗੂੰ
ਅੱਖਾਂ ‘ਤੇ ਹੱਥਾਂ ਦੀ ਛਾਂ ਕਰ
ਪਹਿਚਾਨਣ ਦੀ ਕੋਸ਼ਿਸ਼ ਕਰਦੇ |

ਰਾਤ ਜਦੋਂ ਆਵੇ
ਕੁਝ ਤਾਰੇ
ਖੁੰਢਾਂ ‘ਤੇ ਬੈਠੇ ਹੋਏ
ਮੁਸ਼ਟੰਡਿਆਂ ਵਾਂਗੂੰ
ਬੇ-ਸ਼ਰਮੀਂ, ਬੇ-ਅਦਬੀ ਹਾਸੀ ਹੱਸਦੇ ਹੋਏ
ਇੱਕ-ਦੂਜੇ ਦੇ ਕੰਨਾਂ ਵਿੱਚ
ਕੁਝ ਕਹਿੰਦੇ ਰਹਿੰਦੇ |

ਰਾਤ ਜਦੋਂ ਆਵੇ
ਕੁਝ ਤਾਰੇ
ਕੰਮ ਤੋਂ ਪਰਤੀ ਮਾਂ ਨੂੰ ਤੱਕ ਕੇ
ਬੌਰੇ ਹੋਏ ਬਾਲਾਂ ਵਾਂਗੂੰ
ਨੱਚਦੇ, ਟੱਪਦੇ, ਸ਼ੋਰ ਮਚਾਓਂਦੇ |

ਰਾਤ ਜਦੋਂ ਆਵੇ
ਕੁਝ ਤਾਰੇ
ਅੱਖਾਂ ਵਿੱਚ ਕੁਝ ਸੁਪਨੇ ਲੈ ਕੇ
ਬੁੱਲ੍ਹਾਂ ‘ਤੇ ਕੁਝ ਗੀਤ ਸਜਾ ਕੇ
ਹੱਥਾਂ ਵਿੱਚ ਗੁਲਦਸਤੇ ਫੜ ਕੇ
ਦੇਹਲ਼ੀ ‘ਤੇ ਬੈਠੇ ਮਿਲਦੇ ਨੇ |

ਸੂਰਜ ਦੀ ਉਡੀਕ

ਅੱਜ ਦੀ ਰਾਤ
ਕੋਈ ਫ਼ਿਕਰ ਨਹੀਂ
ਨਾ-ਮੁਰਾਦ ਮੌਸਮ ਦਾ |

ਅੱਜ ਦੀ ਰਾਤ
ਕੋਈ ਜ਼ਿਕਰ ਨਹੀਂ
ਬੇ-ਉਮੀਦ ਗੀਤਾਂ ਦਾ |

ਅੱਜ ਦੀ ਰਾਤ ਕਹੋ
ਭਟਕ ਰਹੇ
ਜ਼ਰਦ, ਪੀਲੇ ਪੱਤਿਆਂ ਨੂੰ
ਫ਼ੇਰ ਤੋਂ ਯਾਦ ਕਰਨ
ਲੰਘੀਆਂ ਬਹਾਰਾਂ ਦੇ ਅਦਾਬ |

ਅੱਜ ਦੀ ਰਾਤ
ਲੈ ਕੇ ਤਾਰਿਆਂ ਤੋਂ ਅਨਹਦ ਨਾਦ
ਰੱਖ ਦਵੋ
ਚੁੱਪ ਖੜ੍ਹੀ ਬੰਸਰੀ ਦੇ ਬੁੱਲ੍ਹਾਂ ‘ਤੇ |

ਅੱਜ ਦੀ ਰਾਤ
ਚਲੋ ਫ਼ੇਰ ਤੋਂ ਕਰਦੇ ਹਾਂ ਅਬਾਦ
ਜ਼ਿਹਨ ਵਿੱਚ ਫੈਲ ਰਹੇ
ਬੇ-ਸ਼ਰਮ ਬੀਆਬਾਨਾ ਨੂੰ |

ਅੱਜ ਦੀ ਰਾਤ
ਚਲੋ ਝੁੱਲ ਰਹੇ ਤੂਫ਼ਾਨਾ ਨਾਲ
ਫ਼ਿਰ ਮਿਲਾਓਂਦੇ ਹਾਂ
ਬੇ-ਖ਼ੌਫ਼ ਬਾਦਬਾਨਾ ਨੂੰ |

ਅੱਜ ਦੀ ਰਾਤ
ਪੜ੍ਹ ਕੇ ਸੁੱਕ ਗਏ ਜ਼ਖ਼ਮਾਂ ਦੇ ਨਿਸ਼ਾਨ
ਆਓ ਫ਼ਿਰ ਲੱਭਦੇ ਹਾਂ ਖੋ ਗਈ ਤਰਤੀਬ |

ਅੱਜ ਦੀ ਰਾਤ
ਬਨੇਰੇ ‘ਤੇ ਜਗਾ ਕੇ ਸੁਪਨੇ
ਆਓ ਫ਼ਿਰ ਕਰਦੇ ਹਾਂ ਸੂਰਜ ਦੀ ਉਡੀਕ |

ਧੁੱਪ - ਛਾਂ

ਇਹ ਜੋ ਖ਼ੁਸ਼ੀ ਮਿਲੀ ਹੈ
ਇਸ ਵਿੱਚ
ਨਸ਼ਾ-ਨਸ਼ਾ ਹੋ ਨੱਚ ਰਿਹਾ ਹੈਂ
ਚੰਗੀ ਗੱਲ ਹੈ.
ਪਰ ਵੇਖੀਂ ਕਿਧਰੇ
ਚਾਂਭਲ-ਚਾਂਭਲ
ਐਧਰ, ਔਧਰ ਪੈਰ ਨਾ ਮਾਰੀਂ
ਦਰਦ ਕਿਤੇ ਨੇੜੇ ਸੁੱਤਾ ਹੈ
ਜਾਗ ਪਵੇਗਾ.

ਬਰਸਦੀ ਹਰ ਤਰਫ਼ ਸ਼ਰਾਬ ਰਹੇ

ਬਰਸਦੀ ਹਰ ਤਰਫ਼ ਸ਼ਰਾਬ ਰਹੇ
ਤੇਰੀ ਨੀਅਤ ਵੀ ਕੁਛ ਖ਼ਰਾਬ ਰਹੇ
ਹੱਥ ਪਰ ਜਾਮ ਵਲ ਵਧੇ ਜਦ ਵੀ
ਕਰੀਂ ਦੁਆ ਕਿ ਤੇਰੀ ਪਿਆਸ ਕਾਮਯਾਬ ਰਹੇ |

ਜਿਸ ਨੂੰ ਚਾਹਿਆ ਸੀ ਪਾ ਲਈ ਹੈ ਹੁਣ
ਮੇਰੇ ਘਰ ਨੂੰ ਸਜਾ ਰਹੀ ਹੈ ਹੁਣ
ਫੇਰ ਕਿਉਂ ਇਹ ਫ਼ਰੇਬ,ਮੇਰੇ ਖ਼ੁਦਾ
ਹੋਰ ਇੱਕ ਨਜ਼ਰ ਆ ਰਹੀ ਹੈ ਹੁਣ?

ਕੋਈ ਸਜਦਾ, ਕੋਈ ਸਲਾਮ ਨਹੀਂ
ਕੋਈ ਅਰਜ਼ੀ, ਕੋਈ ਪੈਗ਼ਾਮ ਨਹੀਂ
ਮਿਲ ਗਿਆ ਆਪਣਾ ਪਤਾ ਜਦ ਤੋਂ
ਮੇਰਾ ਕੋਈ ਖ਼ਤ ਕਿਸੇ ਦੇ ਨਾਮ ਨਹੀਂ |

ਕੋਈ ਦੌਲਤ, ਕੋਈ ਸ਼ਬਾਬ ਨਹੀਂ
ਕਿਸੇ ਜੰਨਤ ਦਾ ਕੋਈ ਖ਼ਾਬ ਨਹੀਂ
ਏਸ ਬੇ-ਹੋਸ਼ੀਆਂ ਦੀ ਮੰਡੀ ਵਿੱਚ
ਹੋਸ਼ ਮੰਗਦਾ ਹਾਂ ਮੈਂ, ਸ਼ਰਾਬ ਨਹੀਂ |

ਚੰਨ ਰਾਤਾਂ ਵਿੱਚ ਲੋਅ ਦੇਵੇ

ਚੰਨ ਰਾਤਾਂ ਵਿੱਚ ਲੋਅ ਦੇਵੇ,
ਥੋੜ੍ਹਾ-ਥੋੜ੍ਹਾ ਰਹਿ ਹੱਸਦਾ
ਕਿਤੇ ਦੁੱਖ ਨਾ ਡੁਬੋ ਦੇਵੇ |

ਕੀ ਸੱਚ ਤੂੰ ਪਛਾਣੇਗਾ,
ਜੇ ਤੂੰ ਮੇਰੀ ਚੁੱਪ ਨਾ ਸੁਣੀ
ਮੇਰੇ ਬੋਲਾਂ ਨੂੰ ਕੀ ਜਾਣੇਗਾ?

ਰੰਗ ਉੱਡ ਗਏ ਗੁਲਾਬਾਂ ਦੇ,
ਦੁੱਖ ਦੀ ਕੂਕ ਸੁਣੀ
ਦਿਲ ਕੰਬ ਗਏ ਕਿਤਾਬਾਂ ਦੇ |

ਪੱਕੇ ਰੰਗ ਨਹੀਂ ਖ਼ਾਬਾਂ ਦੇ,
ਮਿੱਟੀ ਜਦੋਂ ਸੱਚ ਬੋਲਦੀ
ਸਿਰ ਝੁਕਦੇ ਕਿਤਾਬਾਂ ਦੇ |

ਜ਼ਰਾ ਹੱਸ ਕੇ ਵਿਖਾ ਕੁੜੀਏ,
ਸੌਂ ਚੁੱਕੇ ਖ਼ਾਂਬਾਂ ‘ਚੋਂ
ਕੋਈ ਆਸ ਜਗਾ ਕੁੜੀਏ |

ਤੇਰਾ ਰੱਬ ਜਿਹਾ ਨਾਂ ਮਿੱਤਰਾ,
ਜਦ ਤੱਕ ਸਾਹ ਚੱਲਣੇ
ਤੇਰੀ ਦਿਲ ਵਿੱਚ ਥਾਂ ਮਿੱਤਰਾ |