ਪ੍ਰਭਜੋਤ ਕੌਰ

Prabhjot Kaur

ਧੀਆਂ ਪ੍ਰਦੇਸਣਾਂ ਨੀ ਮਾਂ

ਧੀਆਂ ਪ੍ਰਦੇਸਣਾਂ ਨੀ ਮਾਂ-
ਧੀਆਂ ਪ੍ਰਦੇਸਣਾਂ ।
ਦੋ ਦਿਨ ਖੇਡੀ ਆਂਗਣ ਤੇਰੇ,
ਦੋ ਦਿਨ ਮਾਣੀ ਛਾਂ
ਧੀਆਂ ਪ੍ਰਦੇਸਣਾਂ !

ਵੀਰ ਮੇਰੇ ਵਰ ਟੋਲਿਆ ਮੇਰਾ, ਬਾਬਲ ਕਾਜ ਰਚਾਇਆ ।
ਪਲ ਵਿਚ ਦੇਸ ਬਿਗਾਨਾ ਹੋਇਆ, ਖੇਡਾਂ ਹੱਥ ਛੁੜਾਇਆ !
ਰੋਂਦਿਆਂ ਅੰਮੀ ਨੇ ਡੋਲੀ ਪਾਇਆ, ਸੁਣੀ ਮੇਰੀ ਟਿਕ ਨਾਂਹ-
ਧੀਆਂ ਪ੍ਰਦੇਸਣਾਂ !

ਘੋੜੀ ਤੇਰੀ ਦੇ ਵੀਰਾ, ਸੁੰਮ ਮੈਂ ਚੁੰਮਨੀ ਆਂ;
ਜਿਸ ਤੈਨੂੰ ਦਸਿਆ ਰਾਹ ।
ਨਿਤ ਨਿਤ ਸ਼ਗਨ ਮਨਾਵਾਂ ਮੈਂ ਤੇਰੇ
ਜਿਸ ਉਹਨੂੰ ਲੱਭ ਲਿਆ
ਸਖੀਆਂ ‘ਚ ਬਹਿ ਤੇਰੀ ਵਡਿਆਈ,
ਬਾਬਲ ਦੇ ਜੱਸ ਗਾਂ, ਧੀਆਂ ਪ੍ਰਦੇਸਣਾਂ!

ਅਸਾਂ ਦੋ ਦਿਨ ਇਥੋਂ ਚੁਗਣਾ, ਵੇ ਬਾਬਲਾ !
ਉਡ ਜਾਣਾ ਚਿੜੀਆਂ ਹਾਰ,
ਕੌਣ ਖੇਡੇਗਾ ਅੰਮੀਏਂ ! ਤੇਰੇ ਮਹਿਲਾਂ ਦੇ ਵਿਚਕਾਰ,
ਕਿਹੋ ਜਿਹੇ ਲੇਖ ਲਿਖਾਏ ਧੀਆਂ, ਆਪਣਾ ਦੇਸ ਬਿਗਾਨਾ !
ਧੀਆਂ ਪ੍ਰਦੇਸਣਾਂ ਨੀ ਮਾਂ, ਧੀਆਂ ਪ੍ਰਦੇਸਣਾਂ ।

ਕਾਬਲ

ਹੌਲੇ ਹੌਲੇ ਕੋਮਲ ਕਦਮੀਂ,
ਬੱਦਲ ਜੁੜਦੇ ਜਾਂਦੇ ।
ਕਾਹਲੀ ਪੌਣ ਕੰਧਾੜੇ ਚੜ੍ਹ ਕੇ
ਘੁੱਟ ਘੁੱਟ ਜੱਫੀਆਂ ਪਾਂਦੇ ।

ਗਹਿਰੀ ਧੁੰਦ ਜਹੀ ਹੈ ਪਸਰੀ
ਸ਼ਾਮ ਢਲੀ ਨਾ ਹਾਲੇ ।
ਏਸ ਪੜਾਅ ਤੇ ਸੂਰਜ ਲੱਥਾ
ਦੇਖ ਬੱਦਲ ਘੁੰਘਰਾਲੇ ।

ਭੇਦਾਂ ਭਰਿਆ ਇਕ ਸਨਾਟਾ
ਵਾਦੀ ਉੱਤੇ ਛਾਇਆ।
ਕਾਬਲ ਨਾਲ ਪਹਾੜਾਂ ਘਿਰਿਆ
ਜਾਪੇ ਜਿਵੇਂ ਇਕ ਸਾਇਆ ।

ਚਿੱਟੀ ਦੁਧ ਬਰਫ਼ ਦੇ ਕਿੰਗਰੇ
ਨੈਣੋਂ ਓਹਲੇ ਹੋਏ ।
ਬਸ ਇਕ ਗਗਨ ਸਲੇਟੀ ਰੰਗਾ
ਉੜ ਧਰਤੀ ਨੂੰ ਛੋਹੇ ।

ਬੇ-ਪੱਤੇ ਰੁੱਖਾਂ ਦੀਆਂ ਸ਼ਾਖ਼ਾਂ
ਘੋਰ ਗ਼ਮਾਂ ਵਿੱਚ ਡੁੱਬੀਆਂ ।
ਇਉਂ ਜਾਪਣ ਜਿਉਂ ਏਸ ਸੁੰਞ ਵਿੱਚ
ਪੋਟੇ ਪੋਟੇ ਖੁੱਭੀਆਂ ।

ਪਰ ਇਕ ਅਹਿਲ ਅਡੋਲ ਖ਼ਾਮੋਸ਼ੀ,
ਖਿਲਰੀ ਵਾਂਗ ਵਿਰਾਨੀ ।
ਬਰਫ਼ਾਂ ਲੱਦੀ ਰੂਹ ਧਰਤੀ ਦੀ
ਇਕ ਬੇਦਾਗ਼ ਕਹਾਣੀ ।

ਕਿਰੀਆਂ ਫੇਰ ਬਰਫ਼ ਦੀਆਂ ਪੱਤੀਆਂ
ਕਿਰੀਆਂ ਕੋਮਲ ਪੈਰੀਂ ।
ਬਿਨਾਂ ਅਵਾਜ਼ ਧਰਤ ‘ਤੇ ਲੱਥੀਆਂ,
ਬਦਲਵਾਈਆਂ ਖੈਰੀਂ ।

ਚੁੱਕ ਪਰਦਾ ਬਾਰੀ ‘ਚੋਂ ਦੇਖਾਂ
ਕੁਦਰਤ ਟੂਣੇਹਾਰੀ ।
ਕੋਮਲ-ਅੰਗੀ ਨੇ ਕਿੰਜ ਕੱਜੀ
ਜੀਵਨ ਦੀ ਚਿੰਗਾਰੀ ?

ਇਕੋ ਚਿੱਟੀ ਚਾਦਰ ਵਿਛ ਗਈ
ਦੂਰ ਦੂਰ ਤਕ ਸਾਰੇ ।
ਇਕੋ ਰੂਪ ਨੇ ਛੰਨਾਂ ਝੁੱਗੀਆਂ
ਮਸਜਦ, ਮਹਿਲ, ਮੁਨਾਰੇ ।

ਰਾਤ ਹਨੇਰੀ; ਪਰ ਚਾਨਣ ਵਿੱਚ
ਜਾਪੇ ਨ੍ਹਾਤੀ ਧੋਤੀ ।
ਲਾਟ ਰੂਪ ਦੀ ਬਰਫ਼ ਚਾਨਣੀ
ਦਘੇ ਪਿਆਂ ਜਿਉਂ ਮੋਤੀ ।

“ਜ਼ਿੰਦਗੀ ਕਿੱਥੇ ?’ ਮੈਂ ਪੁੱਛਦੀ,
“ਹੈ ਇਹ ਯਖ਼ ਘਾਤਕ ਜ਼ਹਿਰੀ ।”
ਨਿੱਘ ਬਿਨਾਂ ਨਾ ਜੀਵਨ ਧੜਕੇ
ਹੱਥ ਮੌਤ ਦਾ ਕਹਿਰੀ ।

“ਪੁੱਜਾ ਹੈ ਅੱਜ ਰੂਪ ਸਿੱਖਰ ‘ਤੇ”.
ਆਖੇ ਕੋਲੋਂ ਕੋਈ ।
“ਸੁੱਚੀ, ਕੂਲੀ, ਕੋਮਲ ਕਾਇਆਂ
ਇਸ ਧਰਤੀ ਦੀ ਹੋਈ ।”

“ਪਰ ਜੀਵਨ ਦਾ ਰੂਪ ਸਿੱਖਰ ‘ਤੇ
ਨਾ ਤਨ ਸੁੱਚਾ ਕੂਲਾ ।
ਜੀਵਨ ਜਿੰਦ ਦੀ ਘਾਲ ਘਾਲਣਾ
ਚੁੱਪ ਪੀੜਾਂ ਦਾ ਜੂਲਾ” ।

ਹਵਾ ਰੁਮਕ ਪਈ ਪਲ ਪਿੱਛੋਂ,
ਸ਼ਾਖ਼ਾਂ ਕੰਬਣ ਲੱਗੀਆਂ ।
ਧੜਕ ਰਹੇ ਜੀਵਨ ਦੀਆਂ ਲਹਿਰਾਂ
ਵਿੱਚ ਖ਼ਲਾਅ ਦੇ ਮਘੀਆਂ ।

ਦੂਰੋਂ ਦੂਰੋਂ ਨਜ਼ਰਾਂ ਮੁੜੀਆਂ
ਲੈ ਕੇ ਨਿੱਘੀਆਂ ਸੂਹਾਂ ।
ਗੋਰੇ ਮੂੰਹ ‘ਤੇ ਪਾਏ ਲਕੀਰਾਂ
ਹਵਾ ਵਿੱਚ ਘੁਲਿਆ ਧੂੰਆਂ !

ਹਰਿਆ ਨੀ ਹੋ ਹਰਿਆ !

ਹਰਿਆ ਨੀ ਹੋ ਹਰਿਆ ।
ਅਜ ਖ਼ੁਸ਼ੀਆਂ ਨੇ ਵਿਹੜਾ ਭਰਿਆ ।

ਜਾਗੀ ਨੀ ਅਜ ਜਾਗੀ ਧਰਤੀ,
ਦੇਖ ਨੀ ਸਖੀਏ ! ਰੁੱਤ ਹੈ ਪਰਤੀ ।
ਹੱਸ ਪਈਆਂ ਕਲੀਆਂ ਤੇ ਹਸ ਪਏ ਤਾਰੇ;
ਗਗਨਾਂ ਤੋਂ ਚਾਨਣ ਵਰ੍ਹਿਆ, ਹਰਿਆ ਨੀ ਹੋ ਹਰਿਆ ;

ਅੰਬਾਂ ਨੂੰ ਬੂਰ ਸਖੀ ! ਟਾਹਣੀਆਂ ਨੂੰ ਬੂਰ ਹੋ ।
ਫੁੱਲਾਂ ਨੇ ਮਹਿਕ ਵੰਡੀ, ਪਤੀਆਂ ਸਰੂਰ ਹੋ ।
ਝੂਮੀ ਜਵਾਨੀ ਜਹੀ, ਝੂਮ ਪਏ ਸਾਰੇ,
ਨਸ਼ਾ ਪੌਣ ਨੂੰ ਚੜ੍ਹਿਆ, ਨੀ ਹੋ ਹਰਿਆ !

ਕੰਬਿਆ ਨੀ ਹੋ, ਦੇਖ ਮੇਰਾ ਜੀ ਕੰਬਿਆ;
ਕੰਡਿਆਂ ਦੀ ਨੋਕ ਨੂੰ ਵੀ, ਕਣੀਆਂ ਨੇ ਅਜ ਰੰਗਿਆ ।
ਸ਼ਾਮ ਦੀ ਸ਼ਾਹੀ ਨੇ, ਰੂਪ ਪੀਂਘ ਦਾ ਧਰਿਆ ।
ਹਰਿਆ ਨੀ ਹੋ, ਹਰਿਆ ।

ਮੁਸਕਾਣ ਲਈ

ਅਨੇਕ ਹੜ੍ਹ ਹੰਝੂਆਂ ਦੇ ਲੰਘਣੇ ਪੈਂਦੇ ਨੇ,
ਮੁਸਕਾਣ ਲਈ
ਤੇ ਮੁਸਕਾਣਾਂ ਕਦੋਂ ਏ ਸੌਖਾ,
ਮੁਸਕਾਣਾਂ ਹੀ ਪੈ’ਦਾ ਹੈ,
ਹੰਝੂਆਂ ਨੂੰ ਛੁਪਾਣ ਲਈ ।

ਹੇ ਸਵਾਮੀ,
ਤੈਨੂੰ ਪਾਕੇ ਵੀ ਤੈਥੋਂ ਦੂਰ ਹਾਂ ਮੈਂ
ਇਹੋ ਤੇਰੀ ਰਜ਼ਾ ।
ਰਜ਼ਾ ਵਿਚ ਹੋਣਾ ਪੈਂਦਾ ਹੈ ਰਾਜ਼ੀ,
ਕਿਸੇ ਨੂੰ ਮਨਾਣ ਲਈ ।

ਕੌਣ ਕਹਿੰਦਾ ਹੈ,
ਕਿ ਸਾਡਾ ਅਜ਼ਲਾਂ ਤੋਂ ਨਹੀਂ ਰਿਸ਼ਤਾ,
ਕੀ ਹੈ ਭੁਲੇਖੇ ਕੋਲ ਸ਼ਕਤੀ,
ਸੱਚ ਨੂੰ ਭਰਮਾਣ ਲਈ ?

ਹੇ ਆਉਣ ਵਾਲੇ,
ਉਡੀਕਦੀ ਹਾਂ ਤੈਨੂੰ ਪਲ ਪਲ,
ਤੇ ਤੂੰ ਪਰਖਦਾ ਹੈਂ ਸਬਰ ਮੇਰਾ
ਪਿਆਰ ਨੂੰ ਅਜ਼ਮਾਣ ਲਈ

ਪਿਆਰ ਦੀ ਅਜ਼ਮਾਇਸ਼ ਵੀ ਹੈ ਕੋਈ ?
ਓਹ ਤਾਂ ਸਾਕਾਰ ਪੂਜਾ ਹੈ
ਬੰਧਨਾਂ ਤੋਂ ਪਰ੍ਹੇ
ਚਰਨਾਂ ਤੇ ਚੜ੍ਹਾਨ ਲਈ ।

ਕੌਣ ਕਹਿੰਦਾ ਹੈ,
ਕਿ ਪਿਆਰ ਮੁਥਾਜ ਹੈ ਸ਼ਰਤਾਂ ਦਾ ।
ਅਖਾਂ ਦੀ ਲੋੜ ਹੈ,
ਪਛਾਣ ਲਈ ।

ਸੜਦੇ ਨੇ ਪਤੰਗੇ
ਤਾਂ ਉਸ ਦਾ ਕੀ ਦੋਸ਼ ?
ਦੀਪਕ ਤਾਂ ਜਗਦਾ ਹੈ
ਹਨੇਰੇ ਨੂੰ ਮਿਟਾਣ ਲਈ !

ਨਜ਼ਰ ਵਿਚ ਨੂਰ ਹੀ ਨੂਰ ਸਮਇਆ

ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !
ਬਉਰੀ ਹੋ ਹੋ ਭਰਾਂ ਕਲਾਵੇ
ਕਣ ਕਣ ਵਿਚ ਪ੍ਰੀਤਮ ਦੀ ਛਾਯਾ !
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !

ਸੋਅ ਸੱਜਣ ਦੀ ਨੇ ਕਮਲੀ ਕੀਤਾ
ਪਿਆਰ ਨਾ ਛੁਪੇ ਛਪਾਇਆ !
ਨੈਣ ਥਰਕਦੇ, ਹੋਠ ਫ਼ਰਕਦੇ,
ਮੇਰਾ ਅੰਗ ਅੰਗ ਅਜ ਅਲਸਾਇਆ !
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !

ਲੋਕ-ਲਾਜ ਦੀ ਲਾਹੀ ਲੋਈ
ਕੀ ਕਰੇਗਾ ਮੇਰਾ ਕੋਈ !
ਮਿਲਨ-ਤਾਂਘ ਵਿੱਚ ਚੜ੍ਹੀ ਜਵਾਨੀ
ਬੰਨ੍ਹ ਬੰਨ੍ਹ ਰੱਖਾਂ ਕਿਉਂ ਦਿਵਾਨੀ ?
ਕਰ ਕਰ ਦੇਖੇ ਚਾਰੇ ਸਾਰੇ ,
ਚੰਨ ਨਾ ਲੁਕੇ ਲੁਕਾਇਆ ।
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ !

ਓਹਲੇ ਨੀ ਮੈਂ ਆਪੇ ਵਾਰੇ !
ਕੀ ਕਰ ਲੈਣਗੇ ਲੋਕ ਇਸ਼ਾਰੇ ?
ਪਿਆਰ-ਲੋਰ ਵਿੱਚ ਹੋਸ਼ ਗਵਾਏ
ਫਿਰ ਕੋਈ ਕਿਉਂ ਰਾਹੇ ਪਾਏ ?
ਸੋਚਾਂ ਸਮਝਾਂ ਮਨੋਂ ਭੁਲਾ ਕੇ
ਅਜ ਮੇਰਾ ਨੱਚਣ ਤੇ ਜੀ ਆਇਆ
ਨਜ਼ਰ ਵਿੱਚ ਨੂਰ ਹੀ ਨੂਰ ਸਮਾਇਆ

ਹਾੜਾ ਨੀ ਅੰਮੀਏ

ਹਾੜਾ ਨੀ ਅੰਮੀਏ !
ਹਾੜਾ ਨੀ ਅੰਮੀਏ, ਹਾੜਾ ਈ ਓ !
ਖੁਸ ਖੁਸਨਾਂ ਜੀਆ ਮ੍ਹਾੜਾ ਈ ਓ !

ਚੜ੍ਹਦੇ ਫਗਣ ਨੀਆਂ, ਧੁੱਪਾਂ ਨੀ ਪੀਲੀਆਂ ।
ਮੈਂ ਤੱਤੀ ਹਾਏ, ਬਿਰਹੋਂ ਨੇ ਕੀਲੀਆਂ ।
ਪ੍ਰਦੇਸੀ ਤਾਂ ਸਜਣ ਅਸਾੜਾ ਈ ਓ ।
ਹਾੜਾ ਨੀ ਅੰਮੀਏ ! ਹਾੜਾ ਈ ਓ।

ਲਹਿੰਦੇ ਨੇ ਦਿਹੁੰ, ਹਾਏ ਢਲਦੀਆਂ ਨੇ ਰੁੱਤਾਂ,
ਲੰਮੇ ਪ੍ਰਛਾਂਵਿਆਂ ਤੋਂ ਜਾ ਜਾ ਕੇ ਪੁੱਛਾਂ,
ਪ੍ਰੀਤ ਸਦੀਵੀ ਨਿਰਾ ਲਾਰਾ ਈ ਓ ।
ਹਾੜਾ ਨੀ ਅੰਮੀਏ ! ਹਾੜਾ ਈ ਓ।

ਹਾੜ ਤੇ ਸਾਵਣ ਸਿਆਲ ਕੀ ਨਾਪਾਂ ?
ਲੰਮ ਲੰਮੇਰੀਆਂ ਨੇ ਸੁੰਞੀਆਂ ਰਾਤਾਂ !
ਜੋਬਨ ਜਵਾਨੀ ਜੀਅ ਦਾ ਸਾੜਾ ਈ ਓ ।
ਹਾੜਾ ਨੀ ਅੰਮੀਏ ! ਹਾੜਾ ਈ ਓ!

ਚਲੀ ਨੀ ਮੈਂ ਦੇਸ਼ ਪੀਆ ਦੇ ਚਲੀ

ਚੱਲੀ ਨੀ ਮੈਂ ਦੇਸ਼ ਪੀਆ ਦੇ ਚੱਲੀ !

ਅੱਜ ਸਖੀ ਕੁਝ ਵੱਸ ਨਹੀਂ ਮੇਰੇ
ਰੋਕ ਨਹੀਂ ਸਕਦੇ ਤਰਲੇ ਤੇਰੇ !
ਜਾਗੀ ਅਜ ਮੂੰਹ ਜ਼ੋਰ ਜਵਾਨੀ
ਪ੍ਰੀਤ-ਲੋਰ ਕੀਤਾ ਦੀਵਾਨੀ !
ਜੋਬਨ ਚਾਰ ਦਿਨਾਂ ਦਾ ਕਹਿੰਦੇ
ਵਹਿੰਦੇ ਵਹਿ ਜਾਂਦੇ ਨੇ ਪਾਣੀ !
ਦੂਰ ਟਿਕਾਣਾ ਜਾਣਾ ਕੱਲੀ –
ਚੱਲੀ ਨੀ ਮੈਂ ਦੇਸ਼ ਪੀਆ ਦੇ ਚੱਲੀ !

ਪ੍ਰੀਤ-ਨਦੀ ਦੇ ਓਸ ਕਿਨਾਰੇ
ਦੇਖ ਸਖੀ ਕੋਈ ਖੜਾ ਪੁਕਾਰੇ !
ਕੱਚੇ ਘੜੇ ਤੇ ਤਰਦੇ ਨਦੀਆਂ;
ਪ੍ਰੀਤਾਂ ਦੇ ਵਣਜਾਰੇ !
ਕੀ ਕਰ ਲੈਣਗੇ ਦੁਨੀਆਂ ਵਾਲੇ,
ਪਿਆਰ ਤੋਂ ਸਭ ਕੁਝ ਵਾਰ ਕੇ ਚੱਲੀ !
ਚੱਲੀ ਨੀ ਮੈਂ ਦੇਸ਼ ਪੀਆ ਦੇ ਚੱਲੀ

ਹਰ ਸਹਾਰਾ ਧੋਖਾ ਦੇ ਦੇ ਜਾਏ

ਮੈਂ ਭਟਕਾਂ ਵਿਨ ਰਾਤ ।
ਲਭਾਂ ਛੁਪਣ ਲਈ,
ਕੋਈ ਪਨਾਹ !
ਜੋ ਦਏ ਸਹਾਰਾ,
ਲਏ ਛੁਡਾ !

ਰੂਹ ਦੀ ਖੋਹ
ਇਹ ਭਟਕ ਸਦੀਵੀ
ਕੱਜਾਂ … …
ਕਜ ਕਜ ਰਖਾਂ
ਗੀਤਾਂ ਦਾ ਪਾ ਪਾ ਓਹਲਾ !
ਪਰ ਓਹਨਾਂ ‘ਚੋਂ ਹਾਏ !
ਫਿਰ ਫਿਰ ਪੈ ਜਾਏ
ਅਪਣੇ ਨੈਣਾਂ ਦਾ ਝੌਲਾ !

ਦਿਆਂ ਖਿਡੌਣੇ ਦਿਲ ਨੂੰ
“ਤੂੰ ਖੇਡ ਦਿਲਾ !
ਦੁਨੀਆਂ ਲੜੀ ਰੰਗੀਨ,
ਮਿੱਠੀ ਜ਼ਿੰਦਗੀ,
ਕੁਝ ਜੀ !
ਕੁਝ ਮੋਜ ਮਨਾ !!”
ਪਰ ਅਸਲੇ ਦਾ ਪਰਛਾਵਾਂ
ਹਰ ਥਾਂ ਨਾਲ !
ਹੰਝੂ ਨਾ ਲੁਕਦੇ,
ਹੌਕੇ ਨਾ ਛਿਪਦੇ,
ਖ਼ੁਸ਼ੀ ਅਧੂਰੀ
ਯਾਦਾਂ ਨੂੰ ਪਾਲ !
ਬਦਲਾਂ ਦੇ ਟੁਕੜੇ,
ਹਰ ਚੰਦਾ ਦੇ ਨਾਲ !

ਹਰ ਕਜਣ ਪਾਟੇ,
ਹਰ ਓਹਲਾ ਟੁੱਟੇ,
ਝਾਕੇ ਵਿਚੋਂ ਹਾਰ !
ਮੈਂ ਕਿੰਜ ਛੁਪਾਂ,
ਭੁੱਖ ਸਦੀਵੀ ਮਿਟਦੀ ਹੀ ਨਾ !
ਜੋ ਵੀ ਲਾਂ – ਵਧਾਏ ਹੋਰ
ਲੋਰੀ ਦਿਆਂ ਸੁਆਵਾਂ –
ਉਹ ਜਗਾਏ ਹੋਰ ।
ਭੁਖ ਦੀਆਂ ਚੀਸਾਂ
ਕਿੰਜ ਮਿਟਾਂ
ਹਾਏ ਕਿੰਜ ਸਹਾਂ

ਚੋਗਾ ਚੁੱਗ ਗਿਆ ਬਾਜ਼
ਚਿੜੀਆਂ ਦਾ ਰਾਖਾ
ਖੇਤ ਨੂੰ ਖਾ ਗਈ ਵਾੜ
ਫਿਰ ਕੌਣ ਬਚਾਏ,
ਟੁਟਣ ਨਾ ਕਿੰਜ ਤਾਰ
ਹਰ ਸਹਾਰਾ ਧੋਖਾ ਦੇ ਦੇ ਜਾਏ ।

ਨੀ ਮੈਂ ਨੈਣ ਛੁਪਾ ਕੇ ਰਖਦੀ

ਨੀ ਮੈਂ ਨੈਣ ਛੁਪਾ ਕੇ ਰਖਦੀ !
ਪ੍ਰੇਮ-ਕਣ ਨੈਣਾਂ ਵਿਚ ਪਾ ਕੇ,
ਪ੍ਰੀਤਮ ਟੁਰ ਗਿਆ ਲਾਰੇ ਲਾ ਕੇ,
ਉਹ ਤਾਂਘਾਂ ਵਿਚ ਭਖ਼ਦੀ
ਨੀ ਮੈਂ ਨੈਣ ਛੁਪਾ ਕੇ ਰਖਦੀ !

ਇਸ ਦੁਨੀਆਂ ਦੀਆਂ ਚਾਤਰ ਅਖਾਂ,
ਆਪਣਾ ਆਪ ਛੁਪਾ ਕੇ ਰਖਾਂ !
ਛਿਜ ਛਿਜ ਜਾਵਣ ਸਾਰੇ ਓਹਲੇ,
ਭੇਦ ਛੁਪਾਇਆ ਮੂੰਹੋਂ ਬੋਲੇ !
ਡੁਲ੍ਹ ਡੁਲ੍ਹ ਜਾਵਣ, ਹਥ ਨਾ ਆਵਣ,
ਏਸ ਜੋਤ ਦੀਆਂ ਰਿਸ਼ਮਾਂ ਲੱਖਾਂ !
ਇਕੋ ਗਲ ਦੇ ਕਈ ਬਹਾਨੇ,
ਉਹ ਫਿਰ ਵੀ ਛੁਪ ਨਾ ਸਕਦੀ
ਨੀ ਮੈਂ ਨੈਣ ਛੁਪਾ ਕੇ ਰਖਦੀ !

ਮੇਰੀ ਅਜੇ ਪ੍ਰੀਤ ਕੁਆਰੀ !
ਛੁਪ ਜਾਵਾਂ ਮੈਂ ਲਾਜ ਦੀ ਮਾਰੀ !
ਕੈਰੀਆਂ ਨਜ਼ਰਾਂ ਕਰਨ ਇਸ਼ਾਰੇ !
ਮੁਸਕਾਂਦਿਆਂ ਤਕ ਕੌਣ ਸਹਾਰੇ !
ਸੂਰਤ ਉਸਦੀ ਨੈਣੀ ਪਾ ਕੇ,
ਕੀਕਣ ਨੱਚਾਂ ਘੁੰਗਟ ਚਾ ਕੇ ?
ਮੈਲੀ ਨਾ ਕਰ ਦੇਵੇ ਦੁਨੀਆਂ,
ਨੀਵੇਂ ਨੈਣ ਨਿਵਾ ਕੇ ਰਖਦੀ,
ਨੀ ਮੈਂ ਨੈਣ ਛੁਪਾ ਕੇ ਰਖਦੀ !

ਕਿੰਜ ਜੀਵਾਂ

ਦੀਪ ਜਗੇ
ਨਾ ਹੋਈ ਰੌਸ਼ਨੀ ।
ਫਿਰ ਵੀ ਛਾਇਆ,
ਘਟਾ ਟੋਪ ਅੰਧਕਾਰ !
ਓਰ ਛੋਰ ਨਾ ਦਿਸੇ ਕੋਈ
ਮੇਰੀ ਅੰਨ੍ਹੀ ਰੂਹ,
ਪਈ ਧਕੇ ਖਾਵੇ ਬਾਰ ਬਾਰ !

ਸੋਚਾਂ
ਜੇ ਕਦੀ ਸਿਮਟ ਸਕੇ ਇਹ ਲੋਅ
ਪਾ ਲਾਂ ਨੈਣਾਂ ਰਾਹ,
ਕਾਲੀ ਰੂਹ ਵਿਚਕਾਰ !
ਉਹ ਸੁੰਨੀ ਸੁੰਨੀ,
ਖਾਲੀ ਖਾਲੀ,
ਕੱਲਾ ਉਸਦਾ ਪਿਆਰ !
ਜੀਵਣ ਲਈ ਹਾਏ ਦੁਖੀਆ,
ਤਰਲੇ ਕਰੇ ਹਜ਼ਾਰ !
ਕਦੀ ਹਸੇ, ਕਦੀ ਗਾਵੇ,
ਪਰ ਇਕ ਵੀ ਗੀਤ ਨਾ ਗੂੰਜੇ,
ਟੁੱਟੇ ਉਸਦੇ ਤਾਰ !
ਬੁਲ੍ਹ ਹਸਣ,
ਪਰ ਨੈਣ ਪਏ ਰੋਂਦੇ ।
ਨੈਣ ਹਸਾਵਾਂ,
ਰੂਹ ਪਏ ਕਰੇ ਪੁਕਾਰ !
“ਰੁੜ੍ਹਦੇ ਨੂੰ ਤਿਨਕੇ ਦਾ ਸਹਾਰਾ”
ਮੰਗੇ ਜ਼ਿੰਦਗੀ ਹੱਥ ਪਸਾਰ !
ਕਿੰਜ ਪਰਚਾਵਾਂ ਜੀ ਨੂੰ
ਕਿੰਜ ਜੀਵਾਂ ?
ਕਿੰਜ ਲੁਕਾਵਾਂ ਹਾਏ !
ਦਿਲ ਪੀੜਾ ਆਪਾਰ !
ਹੁਸਨ ਤੇ ਵਿਕੇ ਬਜ਼ਾਰ ‘ਚ
ਇਸ਼ਕ ਨਾ ਕਿਸੇ ਬਜ਼ਾਰ !
ਨੂਰ ਨੂਰ ਕਰ ਦਏ ਜੋ ਮੈਨੂੰ
ਕਿਥੋਂ ਲਭੇ ਉਹ ਸਚਾ ਪਿਆਰ ।

ਖੇਡਾਂ ਲੱਖ ਲੱਖ ਵਾਰੀ
ਮੇਰੀ ਕਿਸਮਤ !
ਹਰ ਖੇਡ ‘ਚ ਮੇਰੀ ਹਾਰ !
ਤਕਦੀਰ ਵਿਕੇ ਤਾਂ ਲੈ ਲਵਾਂ
ਦੇ ਕੇ ਜਨਮ ਹਜ਼ਾਰ !