No Extra Costs – Free Shipping Available!

ਗੁਰਤੇਜ ਕੋਹਰਾਵਾਲਾ

Gurtej Koharwala

ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ

ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ
ਉੱਚੀ ਥਾਂ ਤੋਂ ਲੰਘਣ ਵੇਲੇ ,ਲਹਿ ਸਕਣਾ ਨਾ ਆਇਆ

ਮੈਂ ਉਸ ਨੂੰ ਪਿਘਲ਼ਾ ਤਾਂ ਲੈੰਦਾ ,ਪਰ ਕਿਸ ਭਾਂਡੇ ਪਾਉਂਦਾ ?
ਉਸ ਨੂੰ ਵੀ ਤਾਂ ਪੱਥਰ ਹੋ ਕੇ ਰਹਿ ਸਕਣਾ ਨਾ ਆਇਆ ।

ਸੁਪਨੇ ਫੜਦੇ ,ਅਕਸਰ ਕੰਧਾਂ ਵਿਚ ਵੱਜੇ ਹਾਂ ਜਾ ਕੇ ,
ਦੁਨੀਆਦਾਰਾਂ ਦੀ ਦੁਨੀਆ ਵਿਚ ਰਹਿ ਸਕਣਾ ਨਾ ਆਇਆ

ਨਿੱਕੇ -ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ ,
ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ ।

ਲਿਖਦੇ ਹੋਇਆਂ ਕੁਝ ਥਾਵਾਂ ‘ਤੇ ਮੈਂ ਵੀ ਸੱਚ ਤੋਂ ਡਰਿਆ ,
ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ।

ਕਰਾਂਗੇ ਜ਼ਿਕਰ ਉਸ ਦਾ ,ਖ਼ੁਦ ਨੂੰ ਬੇਆਰਾਮ ਰੱਖਾਂਗੇ

ਕਰਾਂਗੇ ਜ਼ਿਕਰ ਉਸ ਦਾ ,ਖ਼ੁਦ ਨੂੰ ਬੇਆਰਾਮ ਰੱਖਾਂਗੇ
ਉਦਾਸੀ ਨੂੰ ਘਰ ਆਪਣੇ ,ਫੇਰ ਅੱਜ ਦੀ ਸ਼ਾਮ ਰੱਖਾਂਗੇ

ਕਿਤੇ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉੱਡੇ
ਅਸੀਂ ਕੁਝ ਰਿਸ਼ਤਿਆਂ ਨੂੰ ਇਸ ਲਈ ਬੇਨਾਮ ਰੱਖਾਂਗੇ

ਗਵਾਚੇ ਇਉਂ ਕਿ ਸਾਨੂੰ ਭੁਲ ਗਏ ਰੰਗਾਂ ਦੇ ਨਾਂ ਤੀਕਰ ,
ਕਦੇ ਇਹ ਸੋਚਦੇ ਸਾਂ ,ਮਹਿਕ ਦਾ ਵੀ ਨਾਮ ਰੱਖਾਂਗੇ

ਅਸੀਂ ਜੇ ਹੋਰ ਕੁਝ ਨਾ ਕਰ ਸਕੇ ਏਨਾ ਤਾਂ ਕਰ ਜਾਂਗੇ
ਸਦੀਵੀ ਨਫ਼ਰਤਾਂ ਵਿਚ ਵੀ ਮੁਹੱਬਤ ਆਮ ਰੱਖਾਂਗੇ

ਕਰੀਂ ਨਾ, ਪਰ ਮੁਕੰਮਲ ਕਰਨ ਦੇ ਨੇੜੇ ਕਰੀ ਰੱਖੀਂ

ਕਰੀਂ ਨਾ, ਪਰ ਮੁਕੰਮਲ ਕਰਨ ਦੇ ਨੇੜੇ ਕਰੀ ਰੱਖੀਂ
ਰਹਾਂ ਊਣਾ ਜ਼ਰਾ, ਕੁਝ ਇਸ ਤਰਾਂ ਮੈਨੂੰ ਭਰੀ ਰੱਖੀਂ

ਤੇਰੀ ਧੜਕਣ ‘ਚ ਸ਼ਾਇਦ ਮੈਂ ਵੀ ਮਿਲ ਜਾਵਾਂ ਕਿਸੇ ਥਾਂ ‘ਤੇ
ਬਸ ਆਪਣੀ ਨਬ੍ਜ਼ ‘ਤੇ ਮੇਰੇ ਲਈ ਉਂਗਲ ਧਰੀ ਰੱਖੀਂ

ਤੇਰੇ ਵਿਚ ਵਸਦਿਆਂ ਨੂੰ ਸੇਕ ਲੱਗੇ, ਸਹਿ ਨਹੀਂ ਹੋਣਾ
ਚਲ ਉਹਨਾਂ ਵਾਸਤੇ ਹੀ ਆਪਣੀ ਛਾਤੀ ਠਰੀ ਰੱਖੀਂ

ਮੈਂ ਜਿਸ ਤੋਂ ਆਖਰੀ ਪੱਤੇ ਤਰ੍ਹਾਂ ਝੜਨਾ ਹੈ ਅਗਲੇ ਪਲ
ਤੂੰ ਮੈਥੋਂ ਬਾਅਦ ਵੀ ਅਹਿਸਾਸ ਦੀ ਟਾਹਣੀ ਹਰੀ ਰੱਖੀਂ

ਖੁਦਾਇਆ ਮੇਰਿਆਂ ਲਫਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ
ਪਰ ਇਕ ਚਿਹਰੇ ਨੂੰ ਮੇਰੀ ਬਾਤ ‘ਚੋਂ ਉਹਲੇ ਕਰੀ ਰੱਖੀਂ

ਕਿਤੇ ਤਸਵੀਰ ਕੋਈ, ਯਾਦ, ਥੋੜਾ ਦਰਦ, ਸਰਸ਼ਾਰੀ
ਜਿਵੇਂ ਹੋਇਆ ਤੂੰ ਮੈਨੂੰ ਆਪਣਾ ਹਿੱਸਾ ਕਰੀ ਰੱਖੀਂ II

ਕਿਤਾਬਾਂ ਵਰਗਿਆਂ ਲੋਕਾਂ ਨੂੰ

ਕਿਤਾਬਾਂ ਵਰਗਿਆਂ ਲੋਕਾਂ ਨੂੰ ਖ਼ੁਦ ਵਿਚ ਜੋੜ ਲੈਂਦਾ ਹਾਂ।
ਮਿਲੇ ਗਹਿਰਾ ਕਿਤੇ ਲਿਖਿਆ, ਤਾਂ ਵਰਕਾ ਮੋੜ ਲੈਂਦਾ ਹਾਂ।

ਜੇ ਖੁੱਲ੍ਹੇ ਜਾਣ ਦੇਵਾਂ, ਜਾਣਗੇ ਤੇਰੀ ਤਰਫ਼ ਸਾਰੇ,
ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ।

ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ,
ਮੈਂ ਉਸ ਦੀ ਰਾਤ ’ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ।

ਵਹਾ ਦਿੰਦਾ ਹਾਂ ਫੁੱਲਾਂ ਵਾਂਗ, ਜੋ ਮੇਰੇ ਨਹੀਂ ਰਹਿੰਦੇ,
ਵਿਦਾਈ ਬਾਅਦ, ਫਿਰ ਪਾਣੀ ਪਿਛਾਂਹ ਨੂੰ ਮੋੜ ਲੈਂਦਾ ਹਾਂ।

ਮੈਂ ਅਪਣੀ ਨੀਂਦ ਵਿਚ ਵੀ ਜਾਗਦਾ ਰਹਿਨਾਂ ਕਿਸੇ ਥਾਂ ਤੋਂ,
ਜਦੋਂ ਸੱਚ ਹੋਣ ਨੂੰ ਆਵੇ, ਤਾਂ ਸੁਪਨਾ ਤੋੜ ਲੈਂਦਾ ਹਾਂ।

ਬੜਾ ਸੀ ਬੋਝ ਹਲਕੇ ਰਿਸ਼ਤਿਆਂ ਦਾ

ਬੜਾ ਸੀ ਬੋਝ ਹਲਕੇ ਰਿਸ਼ਤਿਆਂ ਦਾ,
ਚੁਕਾ ਕੇ ਕਰਜ਼ ਹੌਲਾ ਹੋ ਗਿਆ ਹਾਂ।
ਮੁਸਾਫ਼ਰ ਤੁਰ ਗਏ ਮੇਰੇ ਚੋਂ ਮੇਰੇ,
ਮੈਂ ਪਹਿਲਾਂ ਵਾਂਗ ਰਸਤਾ ਹੋ ਗਿਆ ਹਾਂ।

ਬਚਾਈਂ ਝੋਕਰੋਂ ਮੈਨੂੰ ਹਮੇਸ਼ਾ
ਕਿਸੇ ਲਿਸ਼ਕੋਰ ਦੇ ਮੱਥੇ ਨਾ ਲਾਈਂ,
ਕਦੇ ਪਾਣੀ ਸਾਂ ਮੈਂ ਲਹਿਰਾਂ ’ਚ ਵਗਦਾ
ਕਿ ਹੁਣ ਪਥਰਾ ਕੇ ਸ਼ੀਸ਼ਾ ਹੋ ਗਿਆ ਹਾਂ।

ਹਨੇਰੇ ਦੀ ਫਸਲ ਨੂੰ ਕਟਦਿਆਂ ਮੈਂ,
ਦੁਮੇਲਾਂ ਤੀਕ ਮਰ ਕੇ ਪਹੁੰਚਿਆਂ ਸਾਂ,
ਹੁਣੇ ਸੂਰਜ ਨੇ ਮੈਨੂੰ ਵੇਖਣਾ ਸੀ
ਮੈਂ ਕਿੱਥੇ ਆ ਕੇ ਅੰਨ੍ਹਾ ਹੋ ਗਿਆ ਹਾਂ।

ਕਥਾ ਤਾਂ ਸਿਰਫ਼ ਓਨੀ ਸੀ ਜਦੋਂ ਤਕ
ਲਹੂ ਸੀ ਬੋਲਦਾ, ਹੰਝੂ ਸੀ ਸੱਚੇ,
ਕਿਸੇ ਨਾਟਕ ਦਾ ਹੁਣ ਤਾਂ ਅੰਤ ਹਾਂ ਮੈਂ
ਜੋ ਲੋੜੋਂ ਵਧ ਕੇ ਲੰਮਾ ਹੋ ਗਿਆ ਹਾਂ।

ਮੈਂ ਆਪਣੇ ਲਫਜ਼ ਡਿਗਦੇ ਵੇਖਦਾ ਹਾਂ
ਮੇਰੇ ਅਰਥਾਂ ’ਚ ਸੱਖਣ ਗੂੰਜਦੀ ਹੈ,
ਅਜੇ ਵੀ ਯਾਰ ਮੇਰੇ ਆਖਦੇ ਨੇ,
ਕਿ ਮੈਂ ਸ਼ਿਅਰਾਂ ’ਚ ਡੂੰਘਾ ਹੋ ਗਿਆ ਹਾਂ।