ਓਥੇ ਹੋਰ ਨ ਕਾਇ ਕਬੂਲ ਮੀਆਂ,
ਗਲਿ ਨੇਂਹੁ ਦੀ ।1।ਰਹਾਉ।
ਇਕ ਲਾਇ ਬਿਭੂਤ ਬਹਿਨ ਲਾਇ ਤਾੜੀ,
ਇਕ ਨੰਗੇ ਫਿਰਦੇ ਵਿਚ ਉਜਾੜੀਂ,
ਕੋਈ ਦਰਦ ਨ ਛਾਤੀ ਤੇਂਹ ਦੀ ।1।
ਇਕ ਰਾਤੀਂ ਜਾਗਿਨ ਜ਼ਿਕਰ ਕਰੇਂਦੇ,
ਇਕ ਸਰਦੇ ਫ਼ਿਰਦੇ ਭੁਖ ਮਰੇਂਦੇ,
ਜਾਇ ਨਹੀਂ ਉਥੇ ਕੇਂਹ ਦੀ ।2।
ਇਕ ਪੜ੍ਹਦੇ ਨੀ ਹਰਫ਼ ਕੁਰਾਨਾਂ,
ਇਕ ਮਸਲੇ ਕਰਦੇ ਨਾਲ ਜ਼ਬਾਨਾਂ,
ਇਹ ਗਲਿ ਨ ਹਾਸੀ ਹੇਂਹ ਦੀ ।3।
ਕਾਮਲ ਦੇ ਦਰਵਾਜ਼ੇ ਜਾਵੈਂ,
ਖ਼ੈਰੁ ਨੇਹੁੰ ਦਾ ਮੰਗਿ ਲਿਆਵੈਂ,
ਤਾਂ ਖ਼ਬਰ ਪਵੀ ਤਿਸ ਥੇਂਹ ਦੀ ।4।
ਕਹੈ ਹੁਸੈਨ ਫ਼ਕੀਰ ਗਦਾਈ,
ਲੱਖਾਂ ਦੀ ਗਲਿ ਏਹਾ ਆਹੀ,
ਤਲਬੁ ਨੇਹੀਂ ਨੂੰ ਨੇਂਹ ਦੀ ।5।
ਅਮਲਾਂ ਦੇ ਉਪਰਿ ਹੋਗ ਨਬੇੜਾ,
ਕਿਆ ਸੂਫੀ ਕਿਆ ਭੰਗੀ ।ਰਹਾਉ।
ਜੋ ਰੱਬ ਭਾਵੈ ਸੋਈ ਥੀਸੀ,
ਸਾਈ ਬਾਤ ਹੈ ਚੰਗੀ ।1।
ਆਪੈ ਏਕ ਅਨੇਕ ਕਹਾਵੈ,
ਸਾਹਿਬ ਹੈ ਬਹੁਰੰਗੀ ।2।
ਕਹੈ ਹੁਸੈਨ ਸੁਹਾਗਨਿ ਸੋਈ,
ਜੇ ਸਹੁ ਦੇ ਰੰਗ ਰੰਗੀ ।3।
ਅਨੀ ਜਿੰਦੇ ਮੈਂਡੜੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ ।1।ਰਹਾਉ।
ਰਾਤੀਂ ਕੱਤੇਂ ਦਿਹੀਂ ਅਟੇਰੇਂ,
ਗੋਡੇ ਲਾਇਓ ਤਾਣਾ ।1।
ਕੋਈ ਜੋ ਤੰਦ ਪਈ ਅਵਲੀ,
ਸਾਹਿਬ ਮੂਲ ਨ ਭਾਣਾ ।2।
ਚੀਰੀ ਆਈ ਢਿਲ ਨ ਕਾਈ,
ਕਿਆ ਰਾਜਾ ਕਿਆ ਰਾਣਾ ।3।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਡਾਢੇ ਦਾ ਰਾਹੁ ਨਿਮਾਣਾ ।4।
ਚੋਰ ਕਰਨ ਨਿੱਤ ਚੋਰੀਆਂ,
ਅਮਲੀ ਨੂੰ ਅਮਲਾਂ ਦੀਆਂ ਘੋੜੀਆਂ,
ਕਾਮੀ ਨੂੰ ਚਿੰਤਾ ਕਾਮ ਦੀ,
ਅਸਾਂ ਤਲਬ ਸਾਂਈਂ ਦੇ ਨਾਮੁ ਦੀ ।1।ਰਹਾਉ।
ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,
ਸ਼ਾਹਾਂ ਨੂੰ ਉਗਰਾਹੀਆਂ,
ਮਿਹਰਾਂ ਨੂੰ ਪਿੰਡ ਗਰਾਂਵ ਦੀ ।1।
ਇਕੁ ਬਾਜੀ ਪਾਈ ਸਾਈਆਂ,
ਇਕ ਅਚਰਜ ਖੇਲ ਬਣਾਈਆਂ,
ਸਭਿ ਖੇਡ ਖੇਡ ਘਰਿ ਆਂਵਦੀ ।2।
ਲੋਕ ਕਰਨ ਲੜਾਈਆਂ,
ਸਰਮੁ ਰਖੀਂ ਤੂੰ ਸਾਈਆਂ,
ਸਭ ਮਰਿ ਮਰਿ ਖ਼ਾਕ ਸਮਾਂਵਦੀ ।3।
ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਤੁਸੀਂ ਨ ਕੋਈ ਆਖੋ ਪੀਰ ਹੈ,
ਅਸਾਂ ਕੂੜੀ ਗੱਲ ਨ ਭਾਂਵਦੀ ।4|
ਬੰਦੇ ਆਪ ਨੂੰ ਪਛਾਣ ।
ਜੇ ਤੈਂ ਆਪਦਾ ਆਪੁ ਪਛਾਤਾ,
ਸਾਈਂ ਦਾ ਮਿਲਣ ਅਸਾਨੁ ।ਰਹਾਉ।
ਸੋਇਨੇ ਦੇ ਕੋਟੁ ਰੁਪਹਿਰੀ ਛੱਜੇ,
ਹਰਿ ਬਿਨੁ ਜਾਣਿ ਮਸਾਣੁ ।1।
ਤੇਰੇ ਸਿਰ ਤੇ ਜਮੁ ਸਾਜਸ਼ ਕਰਦਾ,
ਭਾਵੇਂ ਤੂੰ ਜਾਣ ਨ ਜਾਣ ।2।
ਸਾਢੇ ਤਿਨ ਹਥਿ ਮਿਲਖ ਤੁਸਾਡੀ,
ਏਡੇ ਤੂੰ ਤਾਣੇ ਨਾ ਤਾਣੁ ।3।
ਸੁਇਨਾ ਰੁਪਾ ਤੇ ਮਾਲੁ ਖ਼ਜ਼ੀਨਾ,
ਹੋਇ ਰਹਿਆ ਮਹਿਮਾਨੁ ।4।
ਕਹੈ ਹੁਸੈਨ ਫ਼ਕੀਰ ਨਿਮਾਣਾ,
ਛੱਡਿ ਦੇ ਖ਼ੁਦੀ ਗੁਮਾਨੁ ।5।
ਬੁਰੀਆਂ ਬੁਰੀਆਂ ਬੁਰੀਆਂ ਵੇ,
ਅਸੀਂ ਬੁਰੀਆਂ ਵੇ ਲੋਕਾ ।
ਬੁਰੀਆਂ ਕੋਲ ਨ ਬਹੁ ਵੇ ।
ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਬਿਰਹੁੰ ਦੀਆਂ ਛੁਰੀਆਂ ਵੇ ਲੋਕਾ ।1।ਰਹਾਉ।
ਲਡਿ ਸੱਜਣ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰ ਕੇ ਮੁੜੀਆਂ ਵੇ ਲੋਕਾ ।1।
ਜੇ ਤੂੰ ਤਖ਼ਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ ਵੇ ਲੋਕਾ ।2।
ਸਾਝ ਪਾਤਿ ਕਾਹੂੰ ਸੋਂ ਨਾਹੀਂ,
ਸਾਂਈਂ ਖੋਜਨਿ ਅਸੀਂ ਟੁਰੀਆਂ ਵੇ ਲੋਕਾ ।3।
ਜਿਨ੍ਹਾਂ ਸਾਂਈਂ ਦਾ ਨਾਉਂ ਨ ਲੀਤਾ,
ਓੜਕ ਨੂੰ ਉਹ ਝੁਰੀਆਂ ਵੇ ਲੋਕਾ ।4।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਾਹਿਬੁ ਸਿਉਂ ਅਸੀਂ ਜੁੜੀਆਂ ਵੇ ਲੋਕਾ ।5।
(ਪਾਠ ਭੇਦ)
ਅਸੀਂ ਬੁਰੀਆਂ ਵੇ ਲੋਕਾ ਬੁਰੀਆਂ।
ਕੋਲ ਨ ਬਹੁ ਵੇ ਅਸੀਂ ਬੁਰੀਆਂ ।ਰਹਾਉ।
ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਨੈਣਾਂ ਦੀਆਂ ਛੁਰੀਆਂ ।
ਸੱਜਣ ਅਸਾਡੇ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰ ਕੇ ਮੁੜੀਆਂ ।
ਜੇ ਤੂੰ ਤਖ਼ਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ ।
ਕਹੈ ਹੁਸੈਨ ਫ਼ਕੀਰ ਰਬਾਣਾ,
ਲਗੀਆਂ ਮੂਲ ਨ ਮੁੜੀਆਂ ।
ਚਰਖਾ ਮੇਰਾ ਰੰਗਲੜਾ ਰੰਗ ਲਾਲੁ ।ਰਹਾਉ।
ਜੇਵਡੁ ਚਰਖਾ ਤੇਵਡੁ ਮੁੰਨੇ,
ਹੁਣ ਕਹਿ ਗਇਆ, ਬਾਰਾਂ ਪੁੰਨੇ,
ਸਾਈਂ ਕਾਰਨ ਲੋਇਨ ਰੁੰਨੇ,
ਰੋਇ ਵੰਞਾਇਆ ਹਾਲੁ ।1।
ਜੇਵਡੁ ਚਰਖਾ ਤੇਵਡੁ ਘੁਮਾਇਣ,
ਸਭੇ ਆਈਆਂ ਸੀਸ ਗੁੰਦਾਇਣ,
ਕਾਈ ਨ ਆਈਆ ਹਾਲ ਵੰਡਾਇਣ,
ਹੁਣ ਕਾਈ ਨ ਚਲਦੀ ਨਾਲੁ ।2।
ਵੱਛੇ ਖਾਧਾ ਗੋੜ੍ਹਾ ਵਾੜਾ,
ਸਭੋ ਲੜਦਾ ਵੇੜਾ ਪਾੜਾ,
ਮੈਂ ਕੀ ਫੇੜਿਆ ਵੇਹੜੇ ਦਾ ਨੀਂ,
ਸਭ ਪਈਆਂ ਮੇਰੇ ਖਿਆਲੁ 3।
ਜੇਵਡੁ ਚਰਖਾ ਤੇਵਡੁ ਪੱਛੀ,
ਮਾਪਿਆਂ ਮੇਰਿਆਂ ਸਿਰ ਤੇ ਰੱਖੀ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹਰ ਦਮ ਨਾਮ ਸਮਾਲੁ ।4।
ਦਰਦ ਵਿਛੋੜੇ ਦਾ ਹਾਲ,
ਨੀ ਮੈਂ ਕੈਨੂੰ ਆਖਾਂ ।
ਸੂਲਾਂ ਮਾਰ ਦੀਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ,
ਨੀ ਮੈਂ ਕੈਨੂੰ ਆਖਾਂ ।
ਸੂਲਾਂ ਦੀ ਰੋਟੀ ਦੁਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ,
ਨੀ ਮੈਂ ਕੈਨੂੰ ਆਖਾਂ ।
ਜੰਗਲ ਜੰਗਲ ਫਿਰਾਂ ਢੂੰਢੇਂਦੀ,
ਅਜੇ ਨ ਮਿਲਿਆ ਮਹੀਂਵਾਲ,
ਨੀ ਮੈਂ ਕੈਨੂੰ ਆਖਾਂ ।
ਰਾਂਝਣ ਰਾਂਝਣ ਫਿਰਾਂ ਢੂੰਢੇਂਦੀ,
ਰਾਂਝਣ ਮੇਰੇ ਨਾਲ,
ਨੀ ਮੈਂ ਕੈਨੂੰ ਆਖਾਂ ।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਵੇਖ ਨਿਮਾਣਿਆਂ ਦਾ ਹਾਲ,
ਨੀ ਮੈਂ ਕੈਨੂੰ ਆਖਾਂ ।
ਦਿਲ ਦਰਦਾਂ ਕੀਤੀ ਪੂਰੀ,
ਦਿਲ ਦਰਦਾਂ ਕੀਤੀ ਪੂਰੀ ।ਰਹਾਉ।
ਲਖਿ ਕਰੋੜ ਜਿਹਨਾਂ ਦੇ ਜੜਿਆ,
ਸੋ ਭੀ ਝੂਰੀ ਝੂਰੀ ।1।
ਭੱਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਭੂਰੀ ।2।
ਸਾਧਿ ਸੰਗਤਿ ਦੇ ਓਲ੍ਹੇ ਰਹਿੰਦੇ,
ਬੁੱਧ ਤਿਨਾਂ ਦੀ ਸੂਰੀ ।3।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖ਼ਲਕਤ ਗਈ ਅਧੂਰੀ ।4।
ਦੁਨੀਆਂ ਜੀਵਣ ਚਾਰ ਦਿਹਾੜੇ,
ਕਉਣ ਕਿਸ ਨਾਲ ਰੁੱਸੇ ।ਰਹਾਉ।
ਜਿਹ ਵੱਲ ਵੰਜਾਂ ਮਉਤ ਤਿਤੇ ਵੱਲ,
ਜੀਵਨ ਕੋਈ ਨ ਦੱਸੇ ।1।
ਸਰ ਪਰ ਲੱਦਣਾ ਏਸ ਜਹਾਨੋਂ,
ਰਹਿਣਾ ਨਾਹੀਂ ਕਿੱਸੇ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਉਤ ਵਟੈਂਦੜੀ ਰੱਸੇ ।3।