ਸ਼ਿਵ ਕੁਮਾਰ ਬਟਾਲਵੀ

Shiv Kumar Batalvi

Shiv Kumar Batalvi (1936–1973) was a prominent Punjabi poet, playwriter, and lyricist, widely known for his contributions to Punjabi literature and music. Born on July 23, 1936, in Bara Pind Lohtian, British India (now in Pakistan), Batalvi’s poetic works reflect a deep connection with the cultural and emotional aspects of the Punjabi way of life.

Batalvi gained recognition at a young age for his poetic prowess, and his work often delved into themes of love, heartbreak, and the human condition. His verses were characterized by a unique blend of traditional Punjabi folk elements and modern literary sensibilities, making his poetry accessible to a wide audience.

One of Shiv Kumar Batalvi’s most notable works is his poetry collection titled “Loona,” which brought him immense acclaim. His poetry resonated not only with the literary community but also with the general public, earning him a dedicated following.

Apart from his contributions to literature, Batalvi also made a mark in the world of Punjabi music. Many of his poems were set to music, and his lyrics became the basis for several iconic Punjabi songs. His collaborations with renowned musicians further solidified his influence on the cultural landscape of the region.

Tragically, Shiv Kumar Batalvi’s life was cut short, as he passed away on May 6, 1973, at the age of 36. Despite his relatively short life, his impact on Punjabi literature and music continues to endure, and he is remembered as one of the most influential figures in the realm of Punjabi arts and culture.

ਗ਼ਜ਼ਲ – ਜਾਚ ਮੈਨੂੰ ਆ ਗਈ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ,
ਹੌਲ਼ੀ-ਹੌਲ਼ੀ ਰੋ ਕੇ ਜੀ ਪਰਚਾਣ ਦੀ ।

ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।

ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ,
ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।

ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।

ਨਾ ਕਰੋ ‘ਸ਼ਿਵ’ ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।

ਜਦ ਵੀ ਤੇਰਾ ਦੀਦਾਰ ਹੋਵੇਗਾ

ਜਦ ਵੀ ਤੇਰਾ ਦੀਦਾਰ ਹੋਵੇਗਾ
ਵੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਈਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਞ ਲੱਗਦਾ ਹੈ ‘ਸ਼ਿਵ’ ਦੇ ਸ਼ਿਅਰਾਂ ‘ਚੋਂ
ਕੋਈ ਧੁਖ਼ਦਾ ਅੰਗਾਰ ਹੋਵੇਗਾ

ਡਾਚੀ ਸਹਿਕਦੀ

ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂੰ ਥੀਂ ਮਿਲਾ ਦੇਂਦੀ ।
ਤਾਂ ਤੱਤੀ ਮਾਣ ਸੱਸੀ ਦਾ,
ਉਹ ਮਿੱਟੀ ਵਿਚ ਰੁਲਾ ਦੇਂਦੀ ।

ਭਲੀ ਹੋਈ ਕਿ ਸਾਰਾ ਸਾਉਣ ਹੀ
ਬਰਸਾਤ ਨਾ ਹੋਈ,
ਪਤਾ ਕੀਹ ਆਲ੍ਹਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ ।

ਮੈਂ ਅਕਸਰ ਵੇਖਿਐ-
ਕਿ ਤੇਲ ਹੁੰਦਿਆਂ ਸੁੰਦਿਆਂ ਦੀਵੇ,
ਹਵਾ ਕਈ ਵਾਰ ਦਿਲ ਦੀ-
ਮੌਜ ਖ਼ਾਤਰ ਹੈ ਬੁਝਾ ਦੇਂਦੀ ।

ਭੁਲੇਖਾ ਹੈ ਕਿ ਜ਼ਿੰਦਗੀ-
ਪਲ ਦੋ ਪਲ ਲਈ ਘੂਕ ਸੌਂ ਜਾਂਦੀ,
ਜੇ ਪੰਛੀ ਗ਼ਮ ਦਾ ਦਿਲ ਦੀ-
ਸੰਘਣੀ ਜੂਹ ‘ਚੋਂ ਉਡਾ ਦੇਂਦੀ ।

ਹਕਕੀਤ ਇਸ਼ਕ ਦੀ-
ਜੇ ਮਹਿਜ ਹੁੰਦੀ ਖੇਡ ਜਿਸਮਾਂ ਦੀ,
ਤਾਂ ਦੁਨੀਆਂ ਅੱਜ ਤੀਕਣ
ਨਾਂ ਤੇਰਾ ਮੇਰਾ ਭੁਲਾ ਦੇਂਦੀ ।

ਮੈਂ ਬਿਨ ਸੂਲਾਂ ਦੇ ਰਾਹ ‘ਤੇ-
ਕੀ ਟੁਰਾਂ ਮੈਨੂੰ ਸ਼ਰਮ ਆਉਂਦੀ ਹੈ,
ਮੈਂ ਅੱਖੀਂ ਵੇਖਿਐ-
ਕਿ ਹਰ ਕਲੀ ਓੜਕ ਦਗ਼ਾ ਦੇਂਦੀ ।

ਵਸਲ ਦਾ ਸਵਾਦ ਤਾਂ-
ਇਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ,
ਜੁਦਾਈ ਹਸ਼ਰ ਤੀਕਣ-
ਆਦਮੀ ਨੂੰ ਹੈ ਨਸ਼ਾ ਦੇਂਦੀ ।

ਚੰਬੇ ਦਾ ਫੁੱਲ

ਅੱਜ ਇਕ ਚੰਬੇ ਦਾ ਫੁੱਲ ਮੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ
ਗਲ਼ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ-ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਚੇਤਰ ਦੇ ਬੁੱਲ੍ਹ ਨੀਲੇ-ਨੀਲੇ
ਮੁੱਖੜਾ ਵਾਂਗ ਵਸਾਰਾਂ ਹੋਇਆ
ਨੈਣੀਂ ਲੱਖ ਮਾਤਮੀ ਛੱਲੇ
ਗਲ੍ਹ ਵਿਚ ਪੈ-ਪੈ ਜਾਵੇ ਟੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਅੱਧੀ ਰਾਤੀਂ ਰੋਵੇ ਚੇਤਰ
ਪੌਣਾਂ ਦਾ ਦਿਲ ਜ਼ਖ਼ਮੀ ਹੋਇਆ
ਡੂੰਘੇ ਵੈਣ ਬੜੇ ਦਰਦੀਲੇ
ਸੁਣ ਕੇ ਸਾਰਾ ਆਲਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਲੱਖ ਚੇਤਰ ਨੂੰ ਦੇਵਾਂ ਮੱਤੀਂ
ਰਾਮ ਵੀ ਮੋਇਆ ਰਾਵਨ ਮੋਇਆ
ਤਾਂ ਕੀਹ ਹੋਇਆ ਜੇ ਇਕ ਤੇਰਾ
ਸਮਿਆਂ ਟਾਹਣਾਂ ਤੋਂ ਫੁੱਲ ਖੋਹਿਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਪਰ ਚੇਤਰ ਤਾਂ ਡਾਢਾ ਭਰਮੀ
ਉਸ ਪੁਰ ਰੱਤੀ ਅਸਰ ਨਾ ਹੋਇਆ
ਪੈ-ਪੈ ਜਾਣ ਨੀ ਦੰਦਲਾਂ ਉਹਨੂੰ
ਅੰਬਰ ਮੂੰਹ ਵਿਚ ਚਾਨਣ ਚੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਗਲ਼ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ।

ਗ਼ਮਾਂ ਦੀ ਰਾਤ

ਗ਼ਮਾਂ ਦੀ ਰਾਤ ਲੰਮੀ ਏਂ ,
ਜਾਂ ਮੇਰੇ ਗੀਤ ਲੰਮੇ ਨੇ ।
ਨਾ ਭੈੜੀ ਰਾਤ ਮੁੱਕਦੀ ਏ ,
ਨਾ ਮੇਰੇ ਗੀਤ ਮੁੱਕਦੇ ਨੇ ।

ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸੇ ਨੇ ਹਾਥ ਨਾ ਪਾਈ ,
ਨਾ ਬਰਸਾਤਾਂ ‘ਚ ਚੜ੍ਹਦੇ ਨੇ
ਤੇ ਨਾ ਔੜਾਂ ‘ਚ ਸੁੱਕਦੇ ਨੇ ।

ਮੇਰੇ ਹੱਢ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀਂ ਸੜਦੇ ,
ਨਾ ਸੜਦੇ ਹਉਕਿਆਂ ਦੇ ਨਾਲ
ਹਾਵਾਂ ਨਾਲ ਧੁੱਖਦੇ ਨੇ ।

ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀਹ ਦਵਾ ਹੋਵੇ ,
ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲ੍ਹਮ ਲਾਇਆਂ ਵੀ ਦੁਖਦੇ ਨੇ ।

ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ‘ਚ ਲੁਕਦੇ ਨੇ ।

ਗ਼ਜ਼ਲ – ਚਾਨਣ ਰੁੜ੍ਹ ਗਿਆ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆ

ਪੀੜ ਪਾ ਕੇ ਝਾਂਜਰਾਂ ਕਿਧਰ ਟੁਰੀ
ਕਿਹੜੇ ਪੱਤਣੀਂ ਗ਼ਮ ਦਾ ਮੇਲਾ ਜੁੜ ਗਿਆ

ਛੱਡ ਕੇ ਅਕਲਾਂ ਦਾ ਝਿੱਕਾ ਆਲ੍ਹਣਾ
ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ

ਹੈ ਕੋਈ ਸੂਈ ਕੰਧੂਈ ਦੋਸਤੋ
ਵਕਤ ਦੇ ਪੈਰਾਂ ‘ਚ ਕੰਡਾ ਪੁੜ ਗਿਆ

ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ
ਫਿਰ ਵੀ ਖੌਰੇ ਕੀ ਹੈ ਮੇਰਾ ਥੁੜ ਗਿਆ

ਗੀਤ – ਕੀ ਪੁੱਛਦਿਉ ਹਾਲ ਫ਼ਕੀਰਾਂ ਦਾ

ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ !

ਇਹ ਜਾਣਦਿਆਂ ਕੁਝ ਸ਼ੋਖ਼ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ !

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ !

ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ !

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਿਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ !

ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
ਕਈ ਵਾਰ ਉੱਚੀ ਬੋਲ ਪਿਆ
ਕੁਝ ਮਾਨ ਸੀ ਸਾਨੂੰ ਇਸ਼ਕੇ ਦਾ ,
ਕੁਝ ਦਾਅਵਾ ਵੀ ਸੀ ਪੀੜਾਂ ਦਾ !

ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਿਕ ਦੱਸਦਾ ਹਾਂ
ਇਹ ਲੋਕਾਂ ‘ਤੇ ਛੱਡ ਦੇਈਏ
ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ !

ਕਿਸਮਤ

ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ‘ਤੇ ਆਣ ਖੜੀ
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ !

ਇਸ ਸ਼ਹਿਰ ‘ਚ ਮੇਰੇ ਗੀਤਾਂ ਦਾ
ਕੋਈ ਇਕ ਚਿਹਰਾ ਵੀ ਵਾਕਿਫ਼ ਨਹੀਂ
ਪਰ ਫਿਰ ਵੀ ਮੇਰੇ ਗੀਤਾਂ ਨੂੰ
ਆਵਾਜ਼ਾਂ ਦੇਵੇ ਗਲ਼ੀ-ਗਲ਼ੀ !

ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ !

ਮੈਂ ਹੰਝੂ-ਹੰਝੂ ਰੋ-ਰੋ ਕੇ
ਆਪਣੀ ਤਾਂ ਅਉਧ ਹੰਢਾ ਬੈਠਾਂ
ਕਿੰਜ ਅਉਧ ਹੰਢਾਵਾਂ ਗੀਤਾਂ ਦੀ
ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ !

ਬਦਕਿਸਮਤ ਮੇਰੇ ਗੀਤਾਂ ਨੂੰ
ਕਿਸ ਵੇਲੇ ਨੀਂਦਰ ਆਈ ਹੈ
ਜਦ ਦਿਲ ਦੇ ਵਿਹੜੇ ਪੀੜਾਂ ਦੀ
ਹੈ ਗੋਡੇ-ਗੋਡੇ ਧੁੱਪ ਚੜ੍ਹੀ !

ਇਕ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ
ਇਕ ਬੁਰਕੀ ਮਿੱਸੇ ਚਾਨਣ ਦੀ
ਗੀਤਾਂ ਦੇ ਸੰਘ ਵਿਚ ਆਣ ਅੜੀ !

ਮੇਰੀ ਗੀਤਾਂ ਭਰੀ ਕਹਾਣੀ ਦਾ
ਕਿਆ ਅੰਤ ਗ਼ਜ਼ਬ ਦਾ ਹੋਇਆ ਹੈ
ਜਦ ਆਈ ਜਵਾਨੀ ਗੀਤਾਂ ‘ਤੇ
ਗੀਤਾਂ ਦੀ ਅਰਥੀ ਉੱਠ ਚੱਲੀ !

ਸ਼ਹਿਰ ਤੇਰੇ ਤਰਕਾਲਾਂ ਢਲੀਆਂ

ਸ਼ਹਿਰ ਤੇਰੇ ਤਰਕਾਲਾਂ ਢਲੀ਼ਆਂ
ਗਲ਼ ਲੱਗ ਰੋਈਆਂ ਤੇਰੀਆਂ ਗਲ਼ੀਆਂ

ਯਾਦਾਂ ਦੇ ਵਿਚ ਮੁੜ-ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀ਼ਆਂ

ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ-ਭਰ ਪਲੀਆਂ

ਇਸ਼ਕ ਮੇਰੇ ਦੀ ਸਾਲ-ਗਿਰ੍ਹਾ ‘ਤੇ
ਇਹ ਕਿਸ ਘੱਲੀਆਂ ਕਾਲੀਆਂ ਕਲੀਆਂ

‘ਸ਼ਿਵ’ ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ

ਸੋਗ

ਰੋਜ਼ ਮੈਂ ਤਾਰਾ-ਤਾਰਾ ਗਿਣ ਕੇ
ਰਾਤ ਬਿਤਾਉਂਦਾ ਹਾਂ ।
ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ
ਵਾਰ ਕੇ ਆਉਂਦਾ ਹਾਂ !

ਜਦ ਰੋਹੀਆਂ ਵਿਚ ਪੰਛੀ ਤੜਕੇ
ਵਾਕ ਕੋਈ ਲੈਂਦਾ ਹੈ
ਮੈਂ ਆਪਣੇ ਸੰਗ ਸੁੱਤਾ ਆਪਣਾ
ਗੀਤ ਜਗਾਉਂਦਾ ਹਾਂ !

ਫਿਰ ਜਦ ਮੈਨੂੰ ਸੂਰਜ ਘਰ ਦੇ
ਮੋੜ ‘ਤੇ ਮਿਲਦਾ ਹੈ
ਨਦੀਏ ਰੋਜ਼ ਨਹਾਵਣ
ਉਹਦੇ ਨਾਲ ਮੈਂ ਜਾਂਦਾ ਹਾਂ !

ਮੈਂ ਤੇ ਸੂਰਜ ਜਦੋਂ ਨਹਾ ਕੇ
ਘਰ ਨੂੰ ਮੁੜਦੇ ਹਾਂ
ਮੈਂ ਸੂਰਜ ਲਈ ਵਿਹੜੇ ਨਿੰਮ ਦਾ
ਪੀਹੜਾ ਡਾਹੁੰਦਾ ਹਾਂ !

ਮੈਂ ਤੇ ਸੂਰਜ ਬੈਠ ਕੇ ਜਦ ਫਿਰ
ਗੱਲਾਂ ਕਰਦੇ ਹਾਂ
ਮੈਂ ਸੂਰਜ ਨੂੰ ਤੇਰੀ ਛਾਂ ਦੀ
ਗੱਲ ਸੁਣਾਉਂਦਾ ਹਾਂ !

ਛਾਂ ਦੀ ਗੱਲ ਸੁਣਾਉਂਦੇ ਜਦ ਮੈਂ
ਕੰਬਣ ਲੱਗਦਾ ਹਾਂ
ਮੈਂ ਸੂਰਜ ਦੇ ਗੋਰੇ ਗਲ਼ ਵਿਚ
ਬਾਹਵਾਂ ਪਾਉਂਦਾ ਹਾਂ !

ਫਿਰ ਜਦ ਸੂਰਜ ਮੇਰੇ ਘਰ ਦੀ
ਕੰਧ ਉੱਤਰਦਾ ਹੈ
ਮੈਂ ਆਪਣੇ ਹੀ ਪਰਛਾਵੇਂ ਤੋਂ
ਡਰ-ਡਰ ਜਾਂਦਾ ਹਾਂ !

ਮੈਂ ਤੇ ਸੂਰਜ ਘਰ ਦੇ ਮੁੜ
ਪਿਛਵਾੜੇ ਜਾਂਦੇ ਹਾਂ
ਮੈਂ ਉਹਨੂੰ ਆਪਣੇ ਘਰ ਦੀ
ਮੋਈ ਧੁੱਪ ਵਿਖਾਉਂਦਾ ਹਾਂ !

ਜਦ ਸੂਰਜ ਮੇਰੀ ਮੋਈ ਧੁੱਪ ਲਈ
ਅੱਖੀਆਂ ਭਰਦਾ ਹੈ
ਮੈਂ ਸੂਰਜ ਨੂੰ ਗਲ਼ ਵਿਚ ਲੈ ਕੇ
ਚੁੱਪ ਕਰਾਉਂਦਾ ਹਾਂ !

ਮੈਂ ਤੇ ਸੂਰਜ ਫੇਰ ਚੁੱਪ-ਚੁਪੀਤੇ
ਤੁਰਦੇ ਜਾਂਦੇ ਹਾਂ
ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ
ਤੋਰ ਕੇ ਆਉਂਦਾ ਹਾਂ !

ਰੋਜ਼ ਉਦਾਸਾ ਸੂਰਜ ਨਦੀਏ
ਡੁੱਬ ਕੇ ਮਰਦਾ ਹੈ
ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ
ਸੋਗ ਮਨਾਉਂਦਾ ਹਾਂ !

ਸਾਗਰ ਤੇ ਕਣੀਆਂ

ਜਾ ਕੇ ਤੇ ਇਹ ਜੁਆਨੀ
ਮੁੜ ਕੇ ਕਦੀ ਨਾ ਆਉਂਦੀ !
ਸਾਗਰ ‘ਚ ਬੂੰਦ ਰਲ਼ ਕੇ
ਮੁੜ ਸ਼ਕਲ ਨਾ ਵਖਾਉਂਦੀ ।

ਇਕ ਦੋ ਘੜੀ ਦੀ ਮਿਲਣੀ
ਕਿਸੇ ਅਜ਼ਲ ਤੋਂ ਲੰਮੇਂ,
ਹਰ ਆਹ ਫਿਲਸਫ਼ੇ ਦਾ
ਕੋਈ ਗੀਤ ਗੁਨਗੁਨਾਉਂਦੀ ।

ਜ਼ਿੰਦਗੀ ਦੇ ਮੇਲ ਹਰਦਮ ,
ਆਸਾਂ ‘ਤੇ ਰਹਿਣ ਨੱਚਦੇ ,
ਆਵੇ ਨਿਗਾਹ ਤੋਂ ਛੋਹਲੀ
ਪਈ ਮੌਤ ਮੁਸਕਰਾਉਂਦੀ ।

ਸਾਹਾਂ ਦੀ ਰਾਸ ਲੁੱਟ ਲਈ ,
ਮਹਿਰਮ ਦੇ ਲਾਰਿਆਂ ਨੇ ,
ਗੰਗਾ ਵੀ ਚਾਤ੍ਰਿਕ ਦੀ ,
ਨਹੀਂ ਪਿਆਸ ਹੈ ਬੁਝਾਉਂਦੀ ।

ਰੱਬ ਨਾ ਇਸ਼ਕ ਦਾ ਸੁਣਿਐਂ ,
ਕਹਿੰਦੇ ਨੇ ਇਸ਼ਕ ਰੱਬ ਹੈ ,
ਕਿਉਂ ਜੱਗ ਇਸ਼ਕ ਦਾ ਵੈਰੀ ,
ਹੈ ਸੋਚ ਵੈਣ ਪਾਉਂਦੀ ।

ਸਵਾਗਤ

ਹੈਂ ਤੂੰ ਆਈ ਮੇਰੇ ਗਰਾਂ
ਹੈਂ ਤੂੰ ਆਈ ਮੇਰੇ ਗਰਾਂ ।
ਹੋਰ ਗੂਹੜੀ ਹੋ ਗਈ ਹੈ,
ਮੇਰਿਆਂ ਬੋਹੜਾਂ ਦੀ ਛਾਂ ।
ਖਾ ਰਹੇ ਨੇ ਚੂਰੀਆਂ ,
ਅੱਜ ਮੇਰਿਆਂ ਮਹਿਲਾਂ ਦੇ ਕਾਂ ।
ਹੈਂ ਤੂੰ ਆਈ ਮੇਰੇ ਗਰਾਂ,
ਹੈਂ ਤੂੰ ਆਈ ਮੇਰੇ ਗਰਾਂ ।

ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਆਲ੍ਹਣਾ ਮੇਰੇ ਦਿਲ ‘ਚ ਖ਼ੁਸ਼ੀਆਂ ,
ਪਾਣ ਦੀ ਕੀਤੀ ਹੈ ਹਾਂ ।
ਤੇਰੇ ਨਾਂ ‘ਤੇ ਪੈ ਗਏ ਨੇ
ਮੇਰਿਆਂ ਰਾਹਾਂ ਦੇ ਨਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।

ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਪੌਣ ਦੇ ਹੋਠਾਂ ‘ਤੇ ਅੱਜ ਹੈ ,
ਮਹਿਕ ਨੇ ਪਾਈ ਸਰਾਂ ।
ਟੁਰਦਾ – ਟੁਰਦਾ ਰੁਕ ਗਿਆ ਹੈ ,
ਵੇਖ ਕੇ ਤੈਨੂੰ ਸਮਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।

ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਲੈ ਲਈ ਕਲੀਆਂ ਨੇ –
ਭੌਰਾਂ ਨਾਲ ਅੱਜ ਚੌਥੀ ਹੈ ਲਾਂ ।
ਤੇਰੀ ਹਰ ਇਕ ਪੈੜ ‘ਤੇ ,
ਹੈ ਤਿਤਲੀਆਂ ਰੱਖੀ ਜ਼ਬਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।

ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਆ ਤੇਰੇ ਪੈਰਾਂ ‘ਚ ਪੁੱਗੇ –
ਸਫ਼ਰ ਦੀ ਮਹਿੰਦੀ ਲਗਾਂ ।
ਆ ਤੇਰੇ ਨੈਣਾਂ ਨੂੰ ਮਿੱਠੇ –
ਸੁਪਨਿਆਂ ਦੀ ਪਿਉਂਦ ਲਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।

ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਵਰਤ ਰੱਖੇਗੀ ਨਿਰਾਹਾਰੀ ,
ਮੇਰੀ ਪੀੜਾਂ ਦੀ ਮਾਂ ।
ਆਉਣਗੇ ਖ਼ੁਸ਼ੀਆਂ ਦੇ ਖ਼ਤ ,
ਅੱਜ ਮੇਰਿਆਂ ਗੀਤਾਂ ਦੇ ਨਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।

ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਹੋਰ ਗੂਹੜੀ ਹੋ ਗਈ ਹੈ
ਮੇਰਿਆਂ ਬੋਹੜਾਂ ਦੀ ਛਾਂ ।
ਖਾ ਰਹੇ ਨੇ ਚੂਰੀਆਂ ,
ਅੱਜ ਮੇਰਿਆਂ ਮਹਿਲਾਂ ਦੇ ਕਾਂ ।
ਹੈਂ ਤੂੰ ਆਈ ਮੇਰੇ ਗਰਾਂ ।
ਹੈਂ ਤੂੰ ਆਈ ਮੇਰੇ ਗਰਾਂ ।

ਹਾਦਸਾ

ਗੀਤਾਂ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇ-ਆਸਰਾ
ਮੱਥੇ ‘ਤੇ ਹੋਣੀ ਲਿਖ ਗਈ
ਇਕ ਖ਼ੂਬਸੂਰਤ ਹਾਦਸਾ !

ਇਕ ਨਾਗ ਚਿੱਟੇ ਦਿਵਸ ਦਾ
ਇਕ ਨਾਗ ਕਾਲੀ ਰਾਤ ਦਾ
ਇਕ ਵਰਕ ਨੀਲਾ ਕਰ ਗਏ
ਕਿਸੇ ਗੀਤ ਦੇ ਇਤਿਹਾਸ ਦਾ !

ਸ਼ਬਦਾਂ ਦੇ ਕਾਲੇ ਥਲਾਂ ਵਿਚ
ਮੇਰਾ ਗੀਤ ਸੀ ਜਦ ਮਰ ਰਿਹਾ
ਉਹ ਗੀਤ ਤੇਰੀ ਪੈੜ ਨੂੰ
ਮੁੜ-ਮੁੜ ਪਿਆ ਸੀ ਝਾਕਦਾ

ਅੰਬਰ ਦੀ ਥਾਲੀ ਤਿੜਕ ਗਈ
ਸੁਣ ਜ਼ਿਕਰ ਮੋਏ ਗੀਤ ਦਾ
ਧਰਤੀ ਦਾ ਛੰਨਾ ਕੰਬਿਆ
ਭਰਿਆ ਹੋਇਆ ਵਿਸ਼ਵਾਸ ਦਾ !

ਜ਼ਖ਼ਮੀ ਹੈ ਪਿੰਡਾ ਸੋਚ ਦਾ
ਜ਼ਖ਼ਮੀ ਹੈ ਪਿੰਡਾ ਆਸ ਦਾ
ਅੱਜ ਫੇਰ ਮੇਰੇ ਗੀਤ ਲਈ
ਕਫ਼ਨ ਨਾ ਮੈਥੋਂ ਪਾਟਦਾ !

ਅੱਜਫੇਰ ਹਰ ਇਕ ਸ਼ਬਦ ਦੇ
ਨੈਣਾਂ ‘ਚ ਹੰਝੂ ਆ ਗਿਆ
ਧਰਤੀ ਤੇ ਕਰਜ਼ਾ ਚੜ੍ਹ ਗਿਆ
ਮੇਰੇ ਗੀਤ ਦੀ ਇਕ ਲਾਸ਼ ਦਾ !

ਕਾਗ਼ਜ਼ ਦੀ ਨੰਗੀ ਕਬਰ ‘ਤੇ
ਇਹ ਗੀਤ ਜੋ ਅੱਜ ਸੌਂ ਗਿਆ
ਇਹ ਗੀਤ ਸਾਰੇ ਜੱਗ ਨੂੰ
ਪਾਵੇ ਵਫ਼ਾ ਦਾ ਵਾਸਤਾ !

ਗ਼ਜ਼ਲ – ਸ਼ਬਾਬ ਲੈ ਬੈਠਾ

ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ

ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠਾ

ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ

ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੂੰ ਇਹੋ ਹਿਸਾਬ ਲੈ ਬੈਠਾ

` ਸ਼ਿਵ ‘ ਨੂੰ ਗ਼ਮ ‘ਤੇ ਹੀ ਇਕ ਭਰੋਸਾ ਸੀ
ਗ਼ਮ ਤੋਂ ਕੋਰਾ ਜਵਾਬ ਲੈ ਬੈਠਾ।

ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ।

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ ,
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।

ਸੱਜਣ ਜੀ ,
ਭਲਾ ਕਿਸ ਲਈ ਜਾਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ ,
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ-ਪੀੜਾਂ
ਅਣਚਾਹਿਆ ਵੀ ਜਰਨਾ
ਨਿੱਤ ਕਿਸੇ ਦੇਹ ਵਿਚ ,
ਫੁੱਲ ਬਣ ਕੇ ਖਿੜਨਾ
ਨਿੱਤ ਤਾਰਾ ਬਣ ਚੜ੍ਹਣਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।

ਸੱਜਣ ਜੀ ,
ਪਏ ਸਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ ,
ਇਕ ਦੂਜੇ ਦੀ ,
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।