ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।
ਯਾਰ ਮੇਰੇ ਜੁ ਇਸ ਆਸ ‘ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ ।
ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ।
ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ ।
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।
ਇਹ ਜੁ ਰੰਗਾਂ ‘ਚ ਚਿੱਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ ‘ਚ ਉੱਕਰੇ ਨੇ ਮਿਟ ਜਾਣਗੇ ।
ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ ।
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ‘ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ ।
ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
ਚਾਨਣੀ ਵਿਚ ਹੋਰ ਰਸਤੇ ਚਮਕਦੇ
ਹੋਰ ਮੰਜ਼ਿਲ ਦੱਸਦਾ ਘਰ ਦਾ ਚਿਰਾਗ
ਸਿਵਿਆਂ ਲੋਏ ਹੋਰ ਪਗ-ਚਿੰਨ੍ਹ ਸੁਲਗਦੇ
ਇਹ ਸਿਵਾ, ਇਹ ਚੰਨ, ਸੂਰਜ, ਇਹ ਚਿਰਾਗ
ਵੱਖੋ ਵੱਖਰੇ ਰਸਤਿਆਂ ਵੱਲ ਖਿੱਚਦੇ
ਮੈਂ ਚੁਰਾਹੇ ‘ਤੇ ਖੜਾ ਹਾਂ ਸੋਚਦਾ
ਕਿੰਨੇ ਟੋਟੇ ਕਰ ਦਿਆਂ ਇਕ ਹੋਂਦ ਦੇ
ਐ ਮਨਾ ਤੂੰ ਬੇਸੁਰਾ ਏਂ ਸਾਜ਼ ਕਿਉਂ
ਏਨੀ ਗੰਧਲੀ ਹੈ ਤੇਰੀ ਆਵਾਜ਼ ਕਿਉਂ
ਸੁਰ ਨਹੀਂ ਹੁੰਦਾ ਤੂੰ ਕਿਉਂ ਕੀ ਗੱਲ ਹੈ
ਇਲਮ ਦੇ ਮਸਲੇ ਨੇ ਜਾਂ ਇਖਲਾਕ ਦੇ
ਮਨ ਹੈ ਇਕ ਪੁਸਤਕ ਜਿਵੇਂ ਲਿਖ ਹੋ ਰਹੀ
ਜਿਸ ਦਾ ਕੋਈ ਆਦ ਹੈ ਨਾ ਅੰਤ ਹੈ
ਇਕ ਇਬਾਰਤ ਹੈ ਜੋ ਅੰਦਰ ਤੜਪਦੀ
ਵਾਕ ਨੇ ਇਕ ਦੂਸਰੇ ਨੂੰ ਕੱਟਦੇ
ਚੰਨ-ਮੁੱਖ ਹਾਂ, ਸੀਨੇ ਲਾ, ਸਿਮਟਣ ਵੀ ਦੇ,
ਚਾਨਣੀਂ ਹਾਂ ਦੂਰ ਤੱਕ ਬਿਖਰਨ ਵੀ ਦੇ
ਪਕੜ ਰੱਖ ਜੋ ਉੱਗ ਸਕਾਂ ਤੇ ਖਿੜ ਸਕਾਂ,
ਮੁਕਤ ਵੀ ਕਰ, ਮਹਿਕ ਨੂੰ ਫੈਲਣ ਵੀ ਦੇ
ਤਪਿਸ਼ ਬਿਨ, ਸ਼ਿੱਦਤ ਬਿਨ ਕੀ ਬਰਸਣਾਂ,
ਮੈਨੂੰ ਕੁਝ ਗਰਜਣ ਵੀ ਦੇ, ਲਿਸ਼ਕਣ ਵੀ ਦੇ
ਨੀਰ, ਅੰਬਰ, ਪੌਣ ਤੋਂ ਨਿਖੜਣ ਵੀ ਦੇ,
ਛੱਡ ਜ਼ਰਾ ਮੈਨੂੰ ਤੂੰ ਕੁਝ ਸੋਚਣ ਵੀ ਦੇ
ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ
ਪੌਣ ਦੇ ਰਹਿਮ ਤੇ ਇਖਾਲਕ ਹੈ ਟਿਕਿਆ ਹੋਇਆ
ਅੱਗ ਦਾ ਨਾਮ ਹੀ ਸੁਣਦਾ ਹਾਂ ਤਾਂ ਡਰ ਜਾਂਦਾ ਹਾਂ
ਮੈਂ ਜੁ ਪਿੱਤਲ ਹਾਂ ਖਰੇ ਸੋਨਿਓਂ ਵਿਕਿਆ ਹੋਇਆ
ਗੱਡੋ ਸੂਲੀ ਕਿ ਜ਼ਰਾ ਦੇਖੀਏ ਇਹ ਈਸਾ ਹੈ
ਜਾਂ ਕੋਈ ਹੋਰ ਉਦੇ ਭੇਸ ‘ਚ ਲੁਕਿਆ ਹੋਇਆ
ਦੁੱਖ ਦੇ ਪਹਿਰ ਦੇ ਅੰਧੇਰ ‘ਚ ਮੈਂ ਤੱਕਿਆ ਹੈ
ਮੇਰੇ ਦਿਲ ਵਿਚ ਖੁਦਾ ਹੈ ਕਿਤੇ ਛੁਪਿਆ ਹੋਇਆ
ਉਸ ਨੇ ਤਾਂ ਲਗਣਾ ਹੀ ਸੀ ਅਪਣੀ ਨਜ਼ਰ ਨੂੰ ਮੈਲਾ
ਜਿਸ ਨੇ ਸੂਰਜ ਨੂੰ ਰਕੀਬ ਅਪਣਾ ਸੀ ਮਿਥਿਆ ਹੋਇਆ
ਖੁਦ ਹੀ ਮੈਲੇ ਨੇ ਸਦਾਚਾਰ ਦੇ ਜ਼ਾਮਨ ਸ਼ੀਸ਼ੇ
ਕੋਈ ਚਿਹਰਾ ਨਾ ਜਿਨ੍ਹਾਂ ਵਾਸਤੇ ਉਜਲਾ ਹੋਇਆ
ਬਸ ਬਹਾਰ ਆਉਣ ਦੀ ਦੇਰੀ ਹੈ ਕਿ ਫੁੱਲ ਖਿੜਨੇ ਨੇ
ਮੇਰੀਆਂ ਬਦੀਆਂ ਨੂੰ ਪਤਝੜ ਨੇ ਹੈ ਢਕਿਆ ਹੋਇਆ
ਸਹੀ ਹੈ ਮਾਲਕੋ, ਰਾਹਾਂ ਦੀ ਤਿਲਕਣ
ਗਲਤ ਸੀ ਮੇਰਿਆਂ ਪੈਰਾਂ ਦੀ ਥਿੜਕਣ
ਖਿਮਾ ਕਰਨਾ ਕਿ ਮੈਥੋਂ ਭੁੱਲ ਹੋ ਗਈ
ਬਿਨਾ ਪੁੱਛਿਆਂ ਹੀ ਕਰ ਦਿੱਤਾ ਮੈਂ ਚਾਨਣ
ਸਿਰਫ ਇਕ ਮੈਂ ਹੀ ਤਾਂ ਚਿਹਰਾ ਹਾਂ ਮੈਲਾ
ਉਹ ਸਾਰੇ ਸ਼ੀਸ਼ਿਆਂ ਦੇ ਵਾਂਗ ਲਿਸ਼ਕਣ
ਜੋ ਸਾਡਾ ਹਾਲ ਪੁੱਛਣ ਦੁੱਖ ਪਛਾਨਣ
ਉਨ੍ਹਾਂ ਨੂੰ ਕਹਿ ਨਾ ਐਵੇਂ ਖਾਕ ਛਾਨਣ
ਨਹੀਂ ਪੁਗਦੀ ਕਦੇ ਵੀ ਜੀਂਦਿਆਂ ਨੂੰ
ਇਹ ਸਾਹਾਂ ਦੀ ਹਵਾਵਾਂ ਨਾਲ ਅਣਬਣ
ਜਿਨ੍ਹਾਂ ਖਾਤਰ ਸਾਂ ਹੁਣ ਤਕ ਉਮਰ ਕੈਦੀ
ਪਤਾ ਨਈਂ ਉਹ ਪਛਾਨਣ ਨਾ ਪਛਾਨਣ
ਬਹੁਤ ਦਿਨ ਹੋ ਗਏ ਹੋਈ ਨਾ ਛਣਛਣ
ਹੈ ਝਾਂਜਰ ਨਾਲ ਕੀ ਪੈਰਾਂ ਦੀ ਅਣਬਣ
ਉਦਾਸ ਹੋਵੀਂ ਨਿਰਾਸ਼ ਹੋਵੀਂ
ਜਾਂ ਦਿਲ ‘ਚ ਕੋਈ ਮਲਾਲ ਰੱਖੀਂ
ਪਰ ਇਹ ਵੀ ਹੈ ਇਕ ਪੜਾਅ ਸਫਰ ਦਾ
ਤੂੰ ਏਸ ਗੱਲ ਦਾ ਖਿਆਲ ਰੱਖੀਂ
ਮੈਂ ਹਿਜ਼ਰ ਤੇਰੇ ਦੇ ਪੱਤਣਾਂ ਤੋਂ
ਇਕ ਉਮਰ ਹੋਈ ਕਿ ਲੰਘ ਆਇਆਂ
ਮੈਂ ਏਨਾ ਰੋਇਆਂ ਕਿ ਲਹਿਰ ਹੋਇਆਂ
ਤੂੰ ਅਪਣੇ ਪੱਥਰ ਸੰਭਾਲ ਰੱਖੀਂ
ਵਜੂਦ ਤੋਂ ਤੂੰ ਵੀ ਸਾਜ਼ ਹੀ ਹੈਂ
ਤੇ ਆਪੇ ਸਾਜ਼ਨਵਾਜ਼ ਵੀ ਹੈਂ
ਤੂੰ ਸੁਣ ਖਮੋਸ਼ੀ ਦੀ ਧੁਨ ਤੇ ਖੁਦ ਨੂੰ
ਤੂੰ ਸੁਰ ਉਸੇ ਸਾਜ਼ ਨਾਲ ਰੱਖੀਂ
ਇਹ ਚੰਨ ਤਾਰੇ, ਇਹ ਸਭ ਸੱਯਾਰੇ
ਕਸ਼ਿਸ਼ ਦੇ ਮਾਰੇ ਹੀ ਘੁੰਮਦੇ ਨੇ
ਖਿਆਲ, ਚਿਹਰਾ ਜਾਂ ਖਾਬ ਕੋਈ
ਤੂੰ ਅਪਣੀ ਖਾਤਰ ਵੀ ਭਾਲ ਰੱਖੀਂ
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ
ਇਕ ਚੜ੍ਹਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ
ਇਕ ਖਤ ਆਵੇ ਧੁੱਪ ਦਾ ਲਿਖਿਆ
ਮਹਿੰਦੀ ਰੰਗੇ ਪੰਨੇ ‘ਤੇ
ਤੇਰੇ ਵਿਹੜੇ ਬੂਟਾ ਬਣ ਕੇ
ਉਗ ਆਵਾਂ ਜੇ ਮੰਨੇ ਤੇ
ਇਕ ਖਤ ਆਵੇ, ਜਿਸ ਤੇ ਹੋਵੇ
ਤੇਰਾ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ
ਤੇਰੇ ਮਹਾ ਵਿਕਾਸ ਦਾ ਬੋਲ
ਇਕ ਖਤ ਆਵੇ ਮਾਂ ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ
ਇਹ ਖਤ ਆਵਣਗੇ ਤਾਂ ਆਖਰ
ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖਤ ਨੇ ਐਪਰ
ਹੋਰ ਕਿਸੇ ਘਰ ਜਾਵਣਗੇ
ਪਰ ਤੂੰ ਆਸ ਨਾ ਛੱਡੀ ਆਖਰ
ਤੈਨੂੰ ਵੀ ਖਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖਰ
ਲਿਖ ਲਿਖ ਚਿਠੀਆਂ ਪਾਵੇਗਾ
ਖਤ ਆਵੇਗਾ ਰਾਤ ਬਰਾਤੇ
ਖਤ ਆਵੇਗਾ ਅੰਮੀ ਦਾ
ਪੁੱਤਰ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀ ਦਾ
ਖੜਾ ਖੜੋਤਾ ਹਾਲ ਤਾਂ ਪੁੱਛ ਜਾ
ਬੁੱਢੀ ਜਾਨ ਨਿਕੰਮੀ ਦਾ
ਉਮਰਾਂ ਵਾਗੂੰ ਅੰਤ ਨੀ ਹੁੰਦਾ
ਕਿਤੇ ਉਦਾਸੀ ਲੰਮੀ ਦਾ
ਖਤ ਆਵੇਗਾ ਬਹੁਤ ਕੁਵੇਲੇ
ਧਰਤੀਓਂ ਲੰਮੀ ਛਾਂ ਦਾ ਖਤ
ਚੁੱਪ ਦੇ ਸਫਿਆਂ ਉੱਤੇ ਲਿਖਿਆ
ਉਜੜੀ ਸੁੰਨ ਸਰਾਂ ਦਾ ਖਤ
ਇਕ ਬੇਨਕਸ਼ ਖਿਲਾਅ ਦਾ ਲਿਖਿਆ
ਤੇਰੇ ਅਸਲੀ ਨਾਂ ਦਾ ਖਤ
ਲੋਕ ਕਹਿਣਗੇ ਕਬਰ ਦਾ ਖਤ ਹੈ
ਤੂੰ ਆਖੇਗਾ ਮਾਂ ਦਾ ਖਤ
ਖਤ ਖੁੱਲੇਗਾ ਖਤ ਦੇ ਵਿੱਚੋਂ
ਹੱਥ ਉੱਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ
ਬੇਕਿਰਕਾ ਬੇਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉੱਡ ਉੱਡ
ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉੱਠਿਆ
ਉਠੂ ਦਰਦ ਬੇਨਾਮ ਜਿਹਾ
ਪਰ ਉਸ ਪਿੱਛੋਂ ਤੱਪਦੀ ਰੂਹ ਨੂੰ
ਆ ਜਾਊ ਆਰਾਮ ਜਿਹਾ
ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੈ
ਨਾ ਕੋਈ ਫੇਰ ਉਡੀਕ ਖਤਾਂ ਦੀ
ਨਾ ਕੋਈ ਤੂੰ ਨਾ ਤੇਰਾ ਹੈ
ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ
ਇਕ ਖਾਬ ਦੇ ਤੇ ਕਿਤਾਬ ਦੇ ਇਕ ਇੰਤਜ਼ਾਰ ਦੇ
ਤੇ ਫੇਰ ਭਾਵੇਂ ਉਮਰ ਭਰ ਕਿਧਰੇ ਖਲਾਰ ਦੇ
ਸ਼ੀਸ਼ਾ ਨ ਬਣ ਦਿਖਾ ਨ ਬੱਸ ਚਿਹਰੇ ਦੀ ਧੂੜ ਹੀ
ਤੂੰ ਨੀਰ ਬਣ ਤੇ ਧੂੜ ਵੀ ਮੁਖ ਤੋਂ ਉਤਾਰ ਦੇ
ਸ਼ੀਸ਼ੇ ਤੋਂ ਦੌੜ ਕੇ ਹੀ ਤਾਂ ਆਏ ਹਾਂ ਤੇਰੇ ਕੋਲ
ਕੋਈ ਖਾਬ ਦੇ, ਦੁਆ ਦੇ, ਦਿਲਾਸਾ ਦੇ, ਪਿਆਰ ਦੇ
ਇਹ ਤੇਗ ਪਾਸੇ ਰੱਖ ਦੇ ਜੇ ਮੈਨੂੰ ਮਾਰਨਾ
ਸੀਨੇ ਚ ਕੋਈ ਸ਼ਬਦ ਕੋਈ ਸੁਰ ਉਤਾਰ ਦੇ
ਇਕ ਹੋਰ ਰਾਤ ਟਾਲ ਦੇ ਦੁਖਦਾਈ ਫੈਸਲੇ
ਇਹ ਮਨ ਦੇ ਕੱਜਣ ਰਹਿਣ ਦੇ, ਤਨ ਦੇ ਉਤਾਰ ਦੇ
ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ
ਨਹੀਂ ਹੈ ਕੋਲ ਕੋਈ ਅੱਜ ਉਠਾਲਣਾ ਸ਼ਬਦੋ
ਮੇਰੇ ‘ਤੇ ਡਿਗਿਆ ਏ ਮੇਰੇ ਹੀ ਖ਼ਾਬ ਦਾ ਮਲਬਾ,
ਸਿਸਕ ਰਿਹਾ ਹਾਂ ਮੈਂ ਹੇਠੋਂ ਨਿਕਾਲਣਾ ਸ਼ਬਦੋ
ਸਬਰ, ਖਿਮਾ ਤੇ ਭਲਕ, ਹੌਂਸਲਾ ਸਚਾਈ ਤੇ ਆਸ,
ਹਰੇਕ ਦੀਪ ਮੇਰੇ ਮਨ ‘ਚ ਬਾਲਣਾ ਸ਼ਬਦੋ
ਵਿਦਾ ਦਾ ਵਕਤ, ਬੜੀ ਦੂਰ ਘਰ, ਉਤਰਦੀ ਰਾਤ,
ਵਿਰਾਨ ਰਾਹਾਂ ‘ਤੇ ਮੈਨੂੰ ਸੰਭਾਲਣਾ ਸ਼ਬਦੋ
ਜਦੋਂ ਉਹ ਦੂਰ ਮੇਰਾ ਚੰਨ ਗਿਆ ਤਾਂ ਜਗਣਾ ਤੁਸੀਂ,
ਅਖ਼ੀਰੀ ਰਾਤ ‘ਚ ਰਸਤਾ ਦਿਖਾਲਣਾ ਸ਼ਬਦੋ
ਉਦਾਸ ਹੋਂਦ ‘ਚ ਟਿੰਡਾਂ ਦੇ ਵਾਂਗ ਗਿੜਦੇ ਰਿਹੇ,
ਮੈਂ ਆਪਣੇ ਸੀਨੇ ‘ਚੋਂ ਅੱਜ ਦੁਖ ਨਿਕਾਲਣਾ ਸ਼ਬਦੋ
ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ ‘ਤੇ ਨਜ਼ਮ ਅਪਣੀ ਦੇ ਹਰਫ ਕਾਲੇ
ਸਫੈਦਪੋਸ਼ੋ ਇਹ ਮੇਰੇ ਕਿੱਸੇ ਨਹੀਂ ਤੁਹਾਨੂੰ ਸੁਣਾਉਣ ਵਾਲੇ
ਚਿਰਾਗ ਮੇਰੇ, ਜਿਨ੍ਹਾਂ ‘ਚ ਮੇਰੀ ਹੀ ਰੱਤ ਸੜਦੀ ਤੇ ਸੁਆਸ ਬਲਦੇ
ਅਜੇ ਨੇ ਮੇਰੇ ਵਜੂਦ ਅੰਦਰ, ਜਗਣਗੇ ਬਾਹਰ, ਤੂੰ ਠਹਿਰ ਹਾਲੇ
ਇਹ ਪਹਿਲਾਂ ਤੜਪੇ ਸੀ ਸਾਗਰਾਂ ਵਿਚ ਤੇ ਫਿਰ ਹਵਾਵਾਂ ‘ਚ ਭਾਫ ਬਣ ਕੇ
ਪਿਘਲ ਤੁਰੇ ਫੇਰ ਪਰਬਤਾਂ ਤੋਂ, ਇਹ ਨੀਰ ਕਿੱਧਰੇ ਨ ਟਿਕਣ ਵਾਲੇ
ਉਹ ਜਿਸ ਨੇ ਮੈਨੂੰ ਇਹ ਹੋਂਠ ਦਿੱਤੇ, ਉਸੇ ਨੇ ਬਖਸ਼ੇ ਇਹ ਨੀਰ ਨਿਰਮਲ
ਤੁਸੀਂ ਭਲਾ ਕੌਣ ਪਿਆਸ ਮੇਰੀ ਨੂੰ ਕੁਫਰ ਦਾ ਨਾਮ ਦੇਣ ਵਾਲੇ
ਲਹੂ ਚੋਂ ਬਾਲੇ ਤਾਂ ਆਪੇ ਲੋਕਾਂ ਨੇ ਸਾਂਭ ਲੈਣੇ ਨੇ ਸੀਨਿਆਂ ਵਿਚ
ਇਹ ਲਫਜ਼ ਤੇਰੇ ਚਿਰਾਗ ਜਗਦੇ, ਤੂੰ ਡਰ ਨ ਕਰ ਦੇ ਹਵਾ ਹਵਾਲੇ
ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ
ਤੋੜੋ ਬਹੁਤ ਆਸਾਨ ਹੈ ‘ਪਾਤਰ’ ਨੂੰ ਤੋੜਨਾ
ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖਰ ਨੂੰ ਤੋੜਨਾ
ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ
ਏਸੇ ਲਈ ਖੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂ
ਬੇਰਹਿਮ ਲਗਦਾ ਸੀ ਬਹੁਤ ਇਕ ਘਰ ਨੂੰ ਤੋੜਨਾ
ਮੈਂ ਕੱਲ੍ਹ ਅਸਮਾਨ ਡਿਗਦਾ, ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ
ਮੈਂ ਤੈਨੂੰ ਹੋਰ ਹੁੰਦਾ, ਦੂਰ ਜਾਂਦਾ ,ਗੈਰ ਬਣਦਾ ਦੇਖਿਆ ਹੈ
ਕਈ ਗਰਜ਼ਾਂ ਦੀਆਂ ਗੰਢਾਂ ਕਈ ਲੁਕਵੇਂ ਜਿਹੇ ਹਉਮੈ ਦੇ ਟਾਂਕੇ
ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ
ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ
ਕਿ ਉਹ ਤਾਂ ਬੀਜ ਸੀ ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ ਦੇਖਿਆ ਹੈ
ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ
ਮੈਂ ਆਪਣੇ ਦਿਲ ਨੂੰ ਤਾਂ ਇਸ ਘਰ ‘ਚੋਂ ਲੱਖਾਂ ਵਾਰ ਭੱਜਦਾ ਦੇਖਿਆ ਹੈ
ਤੁਹਾਡੇ ਵਾਸਤੇ ਜੋ ਕੁਝ ਨਹੀਂ, ਦੀਵਾ ਨ ਜੁਗਨੂੰ, ਮੈਂ ਤਾਂ ਉਸ ਨੂੰ
ਉਦ੍ਹੀ ਨਿੱਕੀ ਜਿਹੀ ਦੁਨੀਆਂ ‘ਚ ਸੂਰਜ ਵਾਂਗ ਜਗਦਾ ਦੇਖਿਆ ਹੈ
ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ
ਕੀ ਇਹ ਹਸਤੀ ਦਾ ਮੈਖ਼ਾਨਾ ਛੱਡ ਪਰੇ
ਚਲ ਮੁੜ ਚਲੀਏ ਏਸ ਸਫ਼ਰ ਤੋਂ ਕੀ ਲੈਣਾ
ਵੀਰਾਨੇ ਅੱਗੇ ਵੀਰਾਨਾ ਛੱਡ ਪਰੇ
ਦੇ ਕੇ ਜਾਨ ਵੀ ਛੁਟ ਜਾਈਏ ਤਾਂ ਚੰਗਾ ਹੈ
ਭਰ ਦੇ ਜੀਵਨ ਦਾ ਜੁਰਮਾਨਾ ਛੱਡ ਪਰੇ
ਪੰਛੀ ਦਾ ਦਿਲ ਕੰਬੇ ਤੇਰੇ ਹਥ ਕੰਬਣ
ਤੈਥੋਂ ਲਗਣਾ ਨਹੀਂ ਨਿਸ਼ਾਨਾ ਛੱਡ ਪਰੇ
ਬੁੱਢਿਆਂ ਘਾਗਾਂ ਨਾਲ ਸਵਾਲ ਜਵਾਬ ਨਾ ਕਰ
ਖਾ ਪੀ ਲੈ ਕੁਝ ਰੋਜ਼ ਜੁਆਨਾ ਛੱਡ ਪਰੇ
ਢਕੀ ਰਹਿਣ ਦੇ ਸਾਡੇ ਨਾਲ ਹਿਸਾਬ ਨਾ ਕਰ
ਪਛਤਾਵੇਂਗਾ ਬੇਈਮਾਨਾ ਛੱਡ ਪਰੇ
ਸੋਚੇਗਾਂ ਤਾਂ ਸ਼ੱਕਰ ਵਿਹੁ ਹੋ ਜਾਏਗੀ
ਕੀ ਅਪਣਾ ਤੇ ਕੀ ਬੇਗ਼ਾਨਾ ਛੱਡ ਪਰੇ
ਤੈਥੋਂ ਨਈਂ ਉਠਣੇ ਇਹ ਅੱਖਰ ਹੰਝੂਆਂ ਦੇ
ਰਹਿਣ ਦੇ ਤੂੰ ਵੱਡਿਆ ਵਿਦਵਾਨਾ ਛੱਡ ਪਰੇ