ਕੌਲਾਂ ਭਰੀ ਸਵੇਰ ਹੈ ਮੇਰੀ
ਰਾਤ ਮੇਰੀ ਇਕਰਾਰਾਂ ਵਾਲੀ,
ਮੈ ਹਾਂ, ਵਾਜ ਮੇਰੀ ਧਰਤੀ ਦੀ
ਇਹ ਧਰਤੀ ਦੀ ਬਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਹਰ ਪੱਤਰ ਦੀ ਮਹਿਕ ਅੰਦਰੋਂ
ਮਹਿਕ ਮੇਰੇ ਸਾਹਵਾਂ ਦੀ ਆਵੇ,
ਹਰ ਸਿੱਟੇ ਦੀਆਂ ਅੱਖਾਂ ‘ਚੋਂ
ਮੇਰੇ ਅੰਗ ਪਾਂਦੇ ਨੇ ਝਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਵਰ੍ਹਿਆਂ ਬੱਧੀ ਜ਼ੋਰੀਂ ਬੀਜੇ
ਵਰ੍ਹਿਆਂ ਬੱਧੀ ਜਬਰੀ ਹਿੱਕੇ
ਬਹੁਤ ਹੋ ਗਿਅਂ ਹੋ ਨਹੀਂ ਸਕਦਾ
ਮੇਰੇ ਅੰਨ ਦਾ ਘਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਅੱਖੀਆਂ ਵਿੱਚੋਂ ਅੱਥਰੂ ਛੰਡੇ
ਹੋਠਾਂ ਨਾਲੋਂ ਮਿੰਨਤ ਝਾੜੀ,
ਆਪੇ ਦਾਰੂ ਆਪੇ ਦਰਮਲ
ਆਪੇ ਪੁੱਛੀ ਵਾਤ ।
ਮੇਰੀ-ਇਕਰਾਰਾਂ ਵਾਲੀ ਰਾਤ ।
ਹੱਸ ਪਈ ਮੇਰੀ ਹਾੜੀ ਸੌਣੀ
ਹੱਸ ਪਏ ਮੇਰੇ ਸਾਲ ਮਹੀਨੇ,
ਹੱਸੀਆਂ ਲੂਆਂ, ਹੱਸੇ ਪਾਲੇ
ਹੱਸ ਪਈ ਬਰਸਾਤ ।
ਮੇਰੀ- ਇਕਰਾਰਾਂ ਵਾਲੀ ਰਾਤ ।
ਇਹ ਧਰਤੀ ਮੈ ਆਪੇ ਗੋਡੀ,
ਇਹ ਕਣਕਾਂ ਮੈ ਆਪੇ ਛੰਡੀਆਂ,
ਇਹ ‘ਰੋਟੀ’ ਅੱਜ ਮੇਰੀ ਹੋਈ
ਮੇਰਾ ਹੋ ਗਿਆ ‘ਭਾਤ’
ਮੇਰੀ-ਇਕਰਾਰਾਂ ਵਾਲੀ ਰਾਤ ।
ਇਹ ਧਰਤੀ ਅਜ ਲੋਕਾਂ ਜੋਗੀ
ਇਹ ਲੋਕੀ ਅਜ ਧਰਤੀ ਜੋਗੇ,
ਭਰ ਕੇ ਚਾੜ੍ਹ ਹਾਂਡੀਆਂ ਕੁੜੀਏ !
ਭਰ ਕੇ ਗੁੰਨ੍ਹ ਪਰਾਤ !
ਮੇਰੀ-ਇਕਰਾਰਾਂ ਵਾਲੀ ਰਾਤ ।