ਸ਼ਹਿਰ ਤੇਰੇ ਤਰਕਾਲਾਂ ਢਲੀ਼ਆਂ
ਗਲ਼ ਲੱਗ ਰੋਈਆਂ ਤੇਰੀਆਂ ਗਲ਼ੀਆਂ
ਯਾਦਾਂ ਦੇ ਵਿਚ ਮੁੜ-ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀ਼ਆਂ
ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ-ਭਰ ਪਲੀਆਂ
ਇਸ਼ਕ ਮੇਰੇ ਦੀ ਸਾਲ-ਗਿਰ੍ਹਾ ‘ਤੇ
ਇਹ ਕਿਸ ਘੱਲੀਆਂ ਕਾਲੀਆਂ ਕਲੀਆਂ
‘ਸ਼ਿਵ’ ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ