ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦੀ ਰਵਾਂਗੀ
ਜਾਂ ਖੌਰੇ ਸੂਰਜ ਦੀ ਲੋਅ ਬਣਕੇ
ਤੇਰੇ ਰੰਗਾਂ ਵਿੱਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿੱਚ ਬੈਠ ਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀ ਕਿਸ ਤਰਾਂ – ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀ
ਜਾਂ ਖੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾ
ਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਂਗੀ ।