ਸਾਗਰ ਤੇ ਕਣੀਆਂ

ਸਾਗਰ ਤੇ ਕਣੀਆਂ

ਜਾ ਕੇ ਤੇ ਇਹ ਜੁਆਨੀ
ਮੁੜ ਕੇ ਕਦੀ ਨਾ ਆਉਂਦੀ !
ਸਾਗਰ ‘ਚ ਬੂੰਦ ਰਲ਼ ਕੇ
ਮੁੜ ਸ਼ਕਲ ਨਾ ਵਖਾਉਂਦੀ ।

ਇਕ ਦੋ ਘੜੀ ਦੀ ਮਿਲਣੀ
ਕਿਸੇ ਅਜ਼ਲ ਤੋਂ ਲੰਮੇਂ,
ਹਰ ਆਹ ਫਿਲਸਫ਼ੇ ਦਾ
ਕੋਈ ਗੀਤ ਗੁਨਗੁਨਾਉਂਦੀ ।

ਜ਼ਿੰਦਗੀ ਦੇ ਮੇਲ ਹਰਦਮ ,
ਆਸਾਂ ‘ਤੇ ਰਹਿਣ ਨੱਚਦੇ ,
ਆਵੇ ਨਿਗਾਹ ਤੋਂ ਛੋਹਲੀ
ਪਈ ਮੌਤ ਮੁਸਕਰਾਉਂਦੀ ।

ਸਾਹਾਂ ਦੀ ਰਾਸ ਲੁੱਟ ਲਈ ,
ਮਹਿਰਮ ਦੇ ਲਾਰਿਆਂ ਨੇ ,
ਗੰਗਾ ਵੀ ਚਾਤ੍ਰਿਕ ਦੀ ,
ਨਹੀਂ ਪਿਆਸ ਹੈ ਬੁਝਾਉਂਦੀ ।

ਰੱਬ ਨਾ ਇਸ਼ਕ ਦਾ ਸੁਣਿਐਂ ,
ਕਹਿੰਦੇ ਨੇ ਇਸ਼ਕ ਰੱਬ ਹੈ ,
ਕਿਉਂ ਜੱਗ ਇਸ਼ਕ ਦਾ ਵੈਰੀ ,
ਹੈ ਸੋਚ ਵੈਣ ਪਾਉਂਦੀ ।

Writer - Shiv Kumar Batalvi | ਸ਼ਿਵ ਕੁਮਾਰ ਬਟਾਲਵੀ

Leave a Reply

Your email address will not be published. Required fields are marked *