ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ।

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ ,
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।

ਸੱਜਣ ਜੀ ,
ਭਲਾ ਕਿਸ ਲਈ ਜਾਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ ,
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ-ਪੀੜਾਂ
ਅਣਚਾਹਿਆ ਵੀ ਜਰਨਾ
ਨਿੱਤ ਕਿਸੇ ਦੇਹ ਵਿਚ ,
ਫੁੱਲ ਬਣ ਕੇ ਖਿੜਨਾ
ਨਿੱਤ ਤਾਰਾ ਬਣ ਚੜ੍ਹਣਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।

ਸੱਜਣ ਜੀ ,
ਪਏ ਸਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ ,
ਇਕ ਦੂਜੇ ਦੀ ,
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।

Writer - Shiv Kumar Batalvi | ਸ਼ਿਵ ਕੁਮਾਰ ਬਟਾਲਵੀ

Leave a Reply

Your email address will not be published. Required fields are marked *