ਸੰਸਕਾਰ

Amrita Pritam and Imroz Punjabi shayari

ਤੇਰਾ ਇਸ਼ਕ, ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ!

ਸੰਸਕਾਰਾਂ ਦੀ ਧੂੜ ਬੜੀ ਗਾੜ੍ਹੀ ਜਹੀ ਹੁੰਦੀ ਏ
ਮੈ ਹੋਰ ਕੁਝ ਨਹੀਂ ਆਖਦੀ
ਧੂੜ ਦਾ ਜਾਦੂ ਤੇਰੀ ਉਸ ਮੁਹੱਬਤ ਤੇ ਪੈ ਗਿਆ !
ਇਸ਼ਕ, ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ !

ਨਿਰੋਲ ਇਥ ਮੁਹੱਬਤ ਤਾਂ ਜੰਮੀ ਸੀ ਜ਼ਰੂਰ
ਸੰਸਕਾਰਾਂ ਦੇ ਕੰਡੇ ਬੜੇ ਤਿੱਖੇ ਜਹੇ ਹੁੰਦੇ ਨੇ
ਬਣ ਚੁਕੇ ਨੇ ਨਾਲੇ ਤਾਰੀਖ਼ੀ ਤਅੱਸਬ
ਮੁਹੱਬਤ ਦਾ ਦਾਮਨ
ਅਜ ਕੰਡਿਆਂ ਨਾਲ ਖਹਿ ਗਿਆ
ਉਲਝ ਕੇ ਰਹਿ ਗਿਆ ।

ਮੁਹੱਬਤ ਦਾ ਰੰਗ ਸੀ, ‘ਕਰਾਰਾਂ ਦਾ ਗ਼ੁਲਾਮ
ਲੈਂਦਾ ਸੀ ਤਸੱਲੀ ਮੇਰੇ ਕੌਲਾਂ ਤੋਂ ਹੁਦਾਰੀ
ਮਾਂਗਵੀਂ ਉਡਾਰੀ
ਉਡਾਰੀਆਂ ਦਾ ਪੰਛੀ
ਅਜ ਆਲ੍ਹਣੇ ‘ਚ ਬਹਿ ਗਿਆ ।
ਇਸ਼ਕ ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ !

ਪੁਲ ਕਦੇ ਵੀ ਪਾਣੀਆਂ ਦੀ ਰੰਗਤ ਨਹੀਂ ਪਰਖਦੇ
ਗੰਧਲਾਪਣਾ ਨਿਰਮਲਪਣਾ ਪੈਰਾਂ, ਚੋਂ ਲੰਘ ਜਾਂਦੈ
ਮੈਨੂੰ ਤਰਸ ਆਉਂਦਾ ਹੈ ਤੇਰੇ ਇਸ਼ਕ ਤੇ
ਜੋ ਪਾਣੀਆਂ ਦੀ ਰੰਗਤ ਤੇ
ਸਵਾਲਾਂ ਵਿਚ ਪੈ ਗਿਆ
ਇਸ਼ਕ, ਸੰਸਕਾਰਾਂ ਦਾ,
ਮੁਹਤਾਜ ਬਣ ਕੇ ਰਹਿ ਗਿਆ।

ਕੁਰਬਾਨੀਆਂ ਦੇ ਰਾਹ ਬੜੇ ਵਿੰਗੇ ਜਹੇ ਹੁੰਦੇ ਨੇ
ਝਨਾਂ ਦਾ ਗੋਤਾ ਵੀ ਕਦੇ ਆ ਸਕਦਾ ਹੈ
ਕਿਤਨੀ ਹਿਫ਼ਾਜ਼ਤ ਹੈ ਦੁਨੀਆਂ ਦੀ ਲੀਹ ਤੇ
ਪਿਆਰਾਂ ਦੀ ਪਰਖ ਵਿਚ ਪੈਣ ਕੋਲੋਂ ਪਹਿਲਾਂ ਹੀ
ਚੰਗਾ ਹੈ ਪੈਰ ਤੇਰਾ ਉਸ ਲੀਹ ਤੇ ਪੈ ਗਿਆ।
ਇਸ਼ਕ, ਸੰਸਕਾਰਾਂ ਦਾ,
ਮੁਹਤਾਜ ਬਣ ਕੇ ਰਹਿ ਗਿਆ!

Writer - ਅੰਮ੍ਰਿਤਾ ਪ੍ਰੀਤਮ | Amrita Pritam

Leave a Reply