ਸੋਗ

ਸੋਗ

ਰੋਜ਼ ਮੈਂ ਤਾਰਾ-ਤਾਰਾ ਗਿਣ ਕੇ
ਰਾਤ ਬਿਤਾਉਂਦਾ ਹਾਂ ।
ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ
ਵਾਰ ਕੇ ਆਉਂਦਾ ਹਾਂ !

ਜਦ ਰੋਹੀਆਂ ਵਿਚ ਪੰਛੀ ਤੜਕੇ
ਵਾਕ ਕੋਈ ਲੈਂਦਾ ਹੈ
ਮੈਂ ਆਪਣੇ ਸੰਗ ਸੁੱਤਾ ਆਪਣਾ
ਗੀਤ ਜਗਾਉਂਦਾ ਹਾਂ !

ਫਿਰ ਜਦ ਮੈਨੂੰ ਸੂਰਜ ਘਰ ਦੇ
ਮੋੜ ‘ਤੇ ਮਿਲਦਾ ਹੈ
ਨਦੀਏ ਰੋਜ਼ ਨਹਾਵਣ
ਉਹਦੇ ਨਾਲ ਮੈਂ ਜਾਂਦਾ ਹਾਂ !

ਮੈਂ ਤੇ ਸੂਰਜ ਜਦੋਂ ਨਹਾ ਕੇ
ਘਰ ਨੂੰ ਮੁੜਦੇ ਹਾਂ
ਮੈਂ ਸੂਰਜ ਲਈ ਵਿਹੜੇ ਨਿੰਮ ਦਾ
ਪੀਹੜਾ ਡਾਹੁੰਦਾ ਹਾਂ !

ਮੈਂ ਤੇ ਸੂਰਜ ਬੈਠ ਕੇ ਜਦ ਫਿਰ
ਗੱਲਾਂ ਕਰਦੇ ਹਾਂ
ਮੈਂ ਸੂਰਜ ਨੂੰ ਤੇਰੀ ਛਾਂ ਦੀ
ਗੱਲ ਸੁਣਾਉਂਦਾ ਹਾਂ !

ਛਾਂ ਦੀ ਗੱਲ ਸੁਣਾਉਂਦੇ ਜਦ ਮੈਂ
ਕੰਬਣ ਲੱਗਦਾ ਹਾਂ
ਮੈਂ ਸੂਰਜ ਦੇ ਗੋਰੇ ਗਲ਼ ਵਿਚ
ਬਾਹਵਾਂ ਪਾਉਂਦਾ ਹਾਂ !

ਫਿਰ ਜਦ ਸੂਰਜ ਮੇਰੇ ਘਰ ਦੀ
ਕੰਧ ਉੱਤਰਦਾ ਹੈ
ਮੈਂ ਆਪਣੇ ਹੀ ਪਰਛਾਵੇਂ ਤੋਂ
ਡਰ-ਡਰ ਜਾਂਦਾ ਹਾਂ !

ਮੈਂ ਤੇ ਸੂਰਜ ਘਰ ਦੇ ਮੁੜ
ਪਿਛਵਾੜੇ ਜਾਂਦੇ ਹਾਂ
ਮੈਂ ਉਹਨੂੰ ਆਪਣੇ ਘਰ ਦੀ
ਮੋਈ ਧੁੱਪ ਵਿਖਾਉਂਦਾ ਹਾਂ !

ਜਦ ਸੂਰਜ ਮੇਰੀ ਮੋਈ ਧੁੱਪ ਲਈ
ਅੱਖੀਆਂ ਭਰਦਾ ਹੈ
ਮੈਂ ਸੂਰਜ ਨੂੰ ਗਲ਼ ਵਿਚ ਲੈ ਕੇ
ਚੁੱਪ ਕਰਾਉਂਦਾ ਹਾਂ !

ਮੈਂ ਤੇ ਸੂਰਜ ਫੇਰ ਚੁੱਪ-ਚੁਪੀਤੇ
ਤੁਰਦੇ ਜਾਂਦੇ ਹਾਂ
ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ
ਤੋਰ ਕੇ ਆਉਂਦਾ ਹਾਂ !

ਰੋਜ਼ ਉਦਾਸਾ ਸੂਰਜ ਨਦੀਏ
ਡੁੱਬ ਕੇ ਮਰਦਾ ਹੈ
ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ
ਸੋਗ ਮਨਾਉਂਦਾ ਹਾਂ !

Writer - Shiv Kumar Batalvi | ਸ਼ਿਵ ਕੁਮਾਰ ਬਟਾਲਵੀ

Leave a Reply

Your email address will not be published. Required fields are marked *