ਇਹ ਸੋਚਾਂ, ਇਹ ਕਲਪਨਾਵਾਂ, ਇਹ ਦਿਲ ਦੇ ਲਈ ਦਿਲਾਸੇ ਵੇ..
ਕੀ ਹੁੰਦਾ? ਜੇ ਉਲਟੀ ਦੁਨੀਆ ਹੁੰਦੀ, ਸ਼ੀਸ਼ੇ ਦੇ ਪਰਲੇ ਪਾਸੇ ਵੇ..
ਤੇ ਮੈਂ ਓਧਰ ਕਦੇ ਵੀ ਜਾ ਸਕਦਾ, ਮੇਰੇ ਕੋਲੇ ਇੱਕ ਦਰਵਾਜਾ ਹੁੰਦਾ..
ਤੂੰ ਮੇਰੀ ਇੱਕ ਰਾਣੀ ਹੁੰਦੀ, ਮੈਂ ਤੇਰਾ ਇੱਕ ਰਾਜਾ ਹੁੰਦਾ..
ਫ਼ਿਰ ਮੈਂ ਤੈਨੂੰ ਪਸੰਦ ਹੋਣਾ ਸੀ, ਤੇ ਨਾਲੇ ਤੇਰੇ ਕਾਬਲ ਹੁੰਦਾ..
ਇਧਰ ਥੋੜਾ ਪਾਗ਼ਲ ਆਂ, ਓਧਰ ਸਿਰਫਿਰਿਆ ਵਾ ਪਾਗ਼ਲ ਹੁੰਦਾ..
ਤੈਨੂੰ ਥੋੜਾ ਜਾ ਇਸ਼ਕ ਹੋਣਾ ਸੀ, ਆਪਣੀ ਇੱਕ ਤਕਦੀਰ ਹੋਣੀ ਸੀ..
ਓਧਰਲੀ ਦੁਨੀਆ ਵਿੱਚ ਆਪਣੀ, ਕੱਠਿਆਂ ਦੀ ਤਸਵੀਰ ਹੋਣੀ ਸੀ..
ਇੱਧਰ ਤੇਰੀ ਕਹਾਣੀ ਦਾ ਪੰਨਾ, ਓਧਰ ਪੂਰਾ ਨਾਵਲ ਹੋਣਾ ਸੀ..
ਕਾਮਯਾਬ ਵੀ ਚੰਗਾ ਹੁੰਦਾ, ਨਾ ਐਬ ਤੇ ਨਾ ਹੀ ਵਲ ਹੋਣਾ ਸੀ..
ਮੈਂ ਦਿਲ ਦੁਨੀਆਂ ਦਾ ਜਿੱਤ ਲੈਂਦਾ, ਮੇਰੇ ਕੋਲ ਖਜਾਨਾ ਹੋਣਾ ਸੀ..
ਤੇਰੇ ਬਿਨਾਂ ਕਿਸੇ ਨੂੰ ਦੇਖਣ ਤੇ, ਮੈਨੂੰ ਓਧਰ ਜੁਰਮਾਨਾ ਹੋਣਾ ਸੀ..
ਪਟਾਕੇ ਚੱਲਦੇ ਹੋਲੀ ਤੇ, ਰੰਗਾ ਨਾਲ ਦਵਾਲੀ ਕਹਿਣਾ ਸੀ..
ਤੇਰੇ ਹਿੱਸੇ ਮੈਂ ਹੁੰਦਾ, ਤੈਨੂੰ ਲੋਕਾਂ, ਕਰਮਾਂ ਵਾਲੀ ਕਹਿਣਾ ਸੀ..
ਮੇਰੇ ਕੋਲ ਨਜਰੀਆ ਹੁੰਦਾ, ਤੇਰੇ ਦਿਲ ਦਾ ਦਰਦ ਪਛਾਨਣ ਦਾ..
ਤੈਨੂੰ ਮਨਜੂਰ ਤੇ ਮੈਨੂੰ ਹੱਕ ਵੀ ਹੁੰਦਾ, ਤੇਰੇ ਬਾਰੇ ਜਾਨਣ ਦਾ..
ਤੂੰ ਥੋੜੀ ਜੀ ਮੱਤ ਨਿਆਣੀ ਤੇ, ਮੈਂ ਉਮਰ ਚ ਵੱਡਾ ਹੋਣਾ ਸੀ..
ਜਿੱਥੇ ਆਪਾਂ ਖੜਦੇ ਜਾ ਕੇ, ਇੱਕੋ ਟੈਮ ਤੇ ਅੱਡਾ ਹੋਣਾ ਸੀ..
ਮੇਰੇ ਕੋਲ ਹਿੰਮਤ ਹੋਣੀ ਸੀ, ਮਸਲਾ ਦਿਲ ਦਾ ਨਜਿੱਠਣ ਦੀ..
ਮੇਰੀ ਰੀਝ ਫ਼ਿਰ ਪੂਰੀ ਹੁੰਦੀ, ਤੇਰੇ ਨਾਲ ਦੀ ਸੀਟ ਤੇ ਬੈਠਣ ਦੀ..
ਤੈਨੂੰ ਮੇਰਾ ਸੁੱਖ ਗਹਿਣੇ ਧਰਕੇ, ਤੇਰਾ ਹਰ ਦੁੱਖ ਲੈ ਲੈਂਦਾ ਮੈਂ..
ਓਧਰ ਜਦ ਵੀ ਦਰਦ ਚ ਹੁੰਦਾ, ਬਿਨ ਸੋਚੇ ਤੈਨੂੰ ਕਹਿ ਲੈਂਦਾ ਮੈਂ..
ਮੇਰੇ ਅੰਦਰ ਲਿਖਣ ਦੀ, ਇਸ ਰਮਝ ਨੇ ਧੁੰਦਲੀ ਹੋਣਾ ਸੀ..
ਤੇ ਤੂੰ ਜਿੰਨੀ ਇਧਰ ਸਮਝਦਾਰ, ਓਧਰ ਓਨੀ ਕਮਲੀ ਹੋਣਾ ਸੀ..
ਜਿੰਨਾਂ ਕੱਲਾ ਹਾਂ, ਖਾਲੀ ਹਾਂ ਇਧਰ, ਓਨਾ ਹੀ ਓਧਰ ਖਿਲਦਾ ਮੈਂ..
ਉਸ ਦੁਨੀਆ ਵਿੱਚ ਇਸ਼ਕ ਲਈ, ਤੈਨੂੰ ਸਭ ਤੋਂ ਪਹਿਲਾ ਮਿਲਦਾ ਮੈਂ..
ਵਧੀਆ ਓਧਰ ਖੁਸ਼ ਹੋਣਾ ਸੀ, ਇੱਧਰ ਤਾਂ ਦੁਖੀ ਹਾਂ ਖਾਸੇ ਵੇ..
ਵਧੀਆ ਹੁੰਦਾ ਨਾ, ਜੇ ਉਲਟੀ ਦੁਨੀਆ ਹੁੰਦੀ, ਸ਼ੀਸ਼ੇ ਦੇ ਪਰਲੇ ਪਾਸੇ ਵੇ..