ਨੀਂਦ, ਚੈਨ ਮੇਰੇ ਸ਼ੌਂਕ ਤੇ ਸੁਪਨੇ, ਸਾਰਾ ਕੁਝ ਗਵਾ ਬੈਠਾ ਹਾਂ..
ਘਰ ਪਰਿਵਾਰ ਯਾਰ ਕੀ ਪੂਰੇ ਸ਼ਹਿਰ ਤੋਂ ਠੋਕਰ ਖਾ ਬੈਠਾ ਹਾਂ..
ਦਰਦ, ਦਾਰੂ, ਤੋਹਫ਼ੇ ਤੇ ਯਾਦਾਂ, ਮੈਂ ਸਾਂਭ ਕੇ ਰੱਖੀਆਂ ਹੋਈਆਂ ਈ..
ਪਰੀ, ਅਰਮਾਨ, ਦੁਆ ਤੇ ਰੀਝਾਂ, ਤੂੰ ਗੋਦੀ ਚੱਕੀਆਂ ਹੋਈਆਂ ਸੀ..
ਮੈਨੂੰ ਦੀਹਂਦਾਂ ਅਤੀਤ ਮੇਰਾ, ਮੈਂ ਕਣੀਆਂ ਵਿੱਚ ਭਿੱਜ ਜਾਂਦਾ ਹਾਂ..
ਤੇਰੀ ਯਾਦ ਆਉਂਦੀ ਏ ਜਦ ਵੀ, ਚੱਕਰ ਖਾ ਕੇ ਡਿੱਗ ਜਾਂਦਾ ਹਾਂ..
ਜਿੰਨਾ ਡੂੰਘਾ ਸਮੁੰਦਰ ਨੀ,
ਓਨੀਆਂ ਡੂੰਘੀਆਂ ਅੱਖਾਂ ਨੇ..
ਤੇਰੀ ਜ਼ੁਲਫ਼ ਜਿਹਾ ਕੋਈ ਸੁੰਦਰ ਨੀ,
ਮੇਰੇ ਵਰਗੇ ਨਾਈ ਲੱਖਾਂ ਨੇ..
ਤੂੰ ਆਏਂ ਮੇਰੇ ਵੱਲ ਤੱਕਿਆ ਏ,
ਜਿਵੇਂ ਸ਼ਿਵ ਲਿਖਦਾ ਏ ਲੂਣਾ ਨੂੰ..
ਤੂੰ ਐਂਵੇ ਮੈਨੂੰ ਮਿਲਦੀ ਏਂ,
ਜਿਵੇਂ ਵਣ ਨੀ ਮਿਲਦਾ ਡੂਣਾ ਨੂੰ..
ਤੂੰ ਤੇ ਮੈਂ ਹੁਣ ਮਿਲਦੇ ਨੀ,
ਜਿਵੇਂ ਨਜ਼ਰ ਲੱਗੀ ਏ ਵਸਲਾਂ ਨੂੰ..
ਮੈਥੋਂ ਓਵੇਂ ਜੇ ਸੰਗਦੀ ਤੂੰ,
ਜਿਵੇਂ ਧੁੰਦ ਢਕੇਂਦੀ ਫ਼ਸਲਾਂ ਨੂੰ..
ਤੇਰਾ ਐਵੇਂ ਨਿੱਘ ਹੁੰਦੈ,
ਜਿਵੇਂ ਪੋਹ ਚ ਧੁੱਪਾਂ ਖਿੜੀਆਂ ਦਾ..
ਤੈਨੂੰ ਦੇਖ ਕੇ ਹਲਚਲ ਏਨੀ ਏ,
ਜਿਵੇਂ ਬਾਗ਼ ਚ ਰੌਲਾ ਚਿੜੀਆਂ ਦਾ..
ਤੇਰੇ ਮੱਥੇ ਤਿਉੜੀ ਏਦਾਂ ਏ,
ਜਿਵੇਂ ਪੂਰਨਮਾਸ਼ੀ ਨੂੰ ਚੰਨ ਹੁੰਦਾ..
ਤੇਰੀ ਅੱਖ ਚ ਹੰਝੂ ਏਦਾਂ ਜਿਵੇਂ,
ਘੱਗਰ ਦਾ ਟੁੱਟਿਆ ਬੰਨ ਹੁੰਦਾ..
ਤਾੜੀਆਂ ਤੇਰੀਆਂ ਗਿੱਧੇ ਚ,
ਜਿਵੇਂ ਮੀਂਹ ਪੈਂਦਾ ਏ ਟੀਨਾਂ ਤੇ..
ਮੁੰਡੇ ਨੱਚਦੇ ਤੇਰੀਆਂ ਉਂਗਲਾਂ ਤੇ,
ਜਿਵੇਂ ਸੱਪ ਯੋਗੀ ਦੀਆਂ ਬੀਨਾਂ ਤੇ..
ਤੇਰੇ ਭਾਵਾਂ ਵਿੱਚ ਵਖਰੇਵਾਂ ਏ,
ਜਿਵੇਂ ਧਰਤੀ ਉੱਤੇ ਰੁੱਤਾਂ ਦਾ..
ਤੂੰ ਆਏਂ ਮੇਰੇ ਨਾਲ ਲੜਦੀ ਨੀ,
ਜਿਵੇਂ ਮਾਂ ਕਰਦੀ ਐ ਪੁੱਤਾਂ ਦਾ..
ਤੇਰੇ ਸਿਰ ਤੇ ਚੁੰਨੀ ਏਦਾਂ ਨੀ,
ਜਿਵੇਂ ਮੋਰਾਂ ਦੇ ਸਿਰ ਤਾਜ ਹੁੰਦੇ..
ਤੇਰਾ ਨਾਂ ਏਨਾ ਕੁ ਸੋਹਣਾ ਏ,
ਜਿਵੇਂ ਉੜਦੂ ਦੇ ਅਲਫ਼ਾਜ਼ ਹੁੰਦੇ..
ਤੂੰ ਦਾਲ ਚੋਂ ਲੱਭਦੀ ਰੋੜ ਕੁੜੇ,
ਜਿਵੇਂ ਹੰਸ ਚੁਗੇ ਕੋਈ ਮੋਤੀ ਨੀ..
ਤੂੰ ਬੁਣੇ ਕਰੋਸ਼ੀਆ ਏਦਾਂ ਜਿਓਂ,
ਮੇਰੀ ਬੀਬੀ ਬੁਣਦੀ ਸੀ ਕੋਟੀ ਨੀ..
ਤੇਰੀ ਖੁਸ਼ੀ ਦੇ ਹੰਝੂ ਏਦਾਂ ਨੇ,
ਜਿਵੇਂ ਧੁੰਦ ਤੇ ਧੂੰਆਂ ਕੱਠੇ ਨੇ..
ਜਿਵੇਂ ਵੇਲ ਕੋਈ ਵਲ ਖਾਂਦੀਂ ਨੀ..
ਓਵੇਂ ਆ ਲਟ ਤੇਰੇ ਮੱਥੇ ਤੇ..
ਜਿਓਂ ਕਸ਼ਮੀਰ ਚ ਕਹਿੰਦੇ, ਇਓਂ ,
ਤੇਰੇ ਹੱਥਾਂ ਦੇ ਵਿੱਚ ਜੰਨਤ ਏ..
ਤੈਨੂੰ ਪਾਉਣ ਲਈ ਜੋ ਮੰਗਣੀ ਪਊ,
ਉਹ ਫ਼ਿਰੌਨ ਤੋਂ ਵੱਡੀ ਮੰਨਤ ਏ..
ਸੱਚ ਆਖਾਂ,
ਤਾਂ ਕੁਛ ਨੀ ਹੋਰ,
ਇਸ਼ਕ ਤਾਂ ਪੰਗਾ ਏ..
ਤੇ ਕੁਝ ਸਵਾਲ,
ਜੇ ਦਿਲ ਚ ਈ ਰਹਿਣ,
ਤਾਂ ਚੰਗਾ ਏ..।
ਦੱਸ ਇੱਕ ਤਰਫਾ ਦਰਦ ਹੰਢਾਉਣਾ,
ਕਿਹੜਾ ਸੌਖਾ ਏ??
ਨਹੀਂ ਨਹੀਂ,
ਮੇਰੇ ਵੱਸ ਦਾ ਨਹੀਂ,
ਇਸ਼ਕ ਤਾਂ ਔਖਾ ਏ..।
ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ..
ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ..
ਤੈਨੂੰ ਪਤਾ? ਚਾਹੁਣ ਚਾਹੁਣ ਚ ਫ਼ਰਕ ਹੁੰਦੈ..
ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ..
ਜਦ ਮੈਂ ਤੈਨੂੰ ਦੇਖ ਨਾ ਪਾਇਆ..
ਯਾਦ ਤੇਰੀ ਨੂੰ ਮੇਟ ਨਾ ਪਾਇਆ..
ਤਦ ਮੈਂ ਕੋਸ਼ਿਸ਼ ਕਰ ਸਕਦਾ ਹਾਂ..
ਜਦ ਲੱਗਿਆ ਮੈਨੂੰ, ਮੈਂ ਮਰ ਸਕਦਾ ਹਾਂ..
ਕਿ ਜਦ ਸਾਹ ਆਉਣਗੇ ਦਿੱਕਤ ਨਾਲ..
ਦਿਲ ਧੜਕਣਾ ਚਾਹੂ ਸ਼ਿੱਦਤ ਨਾਲ..
ਓਦੋਂ ਮੈਂ ਤੈਨੂੰ ਕੋਲ ਸੱਦਾਂਗਾ..
ਜਦ ਮਹਿਸੂਸ ਹੋਊ, ਹੁਣ ਸਾਹ ਛੱਡਾਂਗਾ..
ਜਦ ਕੱਲ੍ਹਾ ਹੋਊਂ ਕੋਈ ਕੋਲ ਨਾ ਹੋਇਆ..
ਗੱਚ ਭਰਿਆ ਹੋਇਆ, ਤੇ ਬੋਲ ਨਾ ਹੋਇਆ..
ਜਦ ਸ਼ੋਰ ਸ਼ਰਾਬਾ ਤੰਗ ਕਰੂ..
ਦਿਲ ਤੈਨੂੰ ਮਿਲਣ ਦੀ ਮੰਗ ਕਰੂ..
ਜਦ ਮੈਂ ਘੁੱਟ ਘੁੱਟ ਬਰਸ ਜਾਵਾਂਗਾ..
ਤੇਰੀ ਵਾਜ ਸੁਨਣ ਨੂੰ ਤਰਸ ਜਾਵਾਂਗਾ..
ਜਦ ਹੋਰ ਕਿਸੇ ਨੂੰ ਕਹਿ ਨਾ ਪਾਇਆ..
ਤੇ ਕੱਲਾਪਣ੍ਹ ਵੀ ਸਹਿ ਨਾ ਪਾਇਆ..
ਤੇ ਜਦ ਕਦੇ ਵੀ ਕੱਲ੍ਹਾ ਹੋਵਾਂਗਾ..
ਤੇ ਕੰਟਰੋਲ ਜਦੋਂ ਮੈਂ ਖੋਵਾਂਗਾ..
ਮੈਂ ਤਦ ਤੇਰੇ ਕੋਲ ਰੋਵਾਂਗਾ..
ਕੁਛ-ਕੁਛ, ਲਿਖਣਾ ਚਾਲੂ ਕੀਤਾ, ਹੈ ਕੋਈ ਕਾਰਨ..
ਅਸੀਂ ਕਿੰਨੇ ਸਮੇਂ ਤੋਂ ਜਾਮ ਨੀ ਪੀਤਾ, ਹੈ ਕੋਈ ਕਾਰਨ..
ਹਾਂ.. ਅੱਜ ਕੱਲ ਮੈਂ ਬੜੀ ਕਾਹਲ਼ੀ ਵਿੱਚ ਰਹਿੰਦਾ ਹਾਂ,
ਜਿਵੇਂ ਮੇਰੇ ਵਿੱਚ ਦੌੜੇ ਚੀਤਾ, ਹੈ ਕੋਈ ਕਾਰਨ..
ਤੂੰ ਜੋ ਸੁਣਦੈਂ, ਸਦਕੇ ਤੇਰੀ ਹਲੀਮੀ ਦੇ,
ਪਰ ਮੇਰੇ ਦਿਲ ਵਿੱਚ ਰੌਲਾ ਚੀਕਾਂ, ਹੈ ਕੋਈ ਕਾਰਨ..
ਤੇਰੇ ਉੱਤੇ ਰੋਹਬ ਕਿਵੇਂ ਦੱਸ ਪਾ ਲਈਏ,
ਸਾਨੂੰ ਨਾ ਇਹ ਜਚੇ ਸਲੀਕਾ, ਹੈ ਕੋਈ ਕਾਰਨ..
ਸਾਨੂੰ ਵੱਲ ਨਹੀਂ, ਕਿਵੇਂ ਕੋਈ ਫ਼ਸਲ ਉਘਾਈ ਦੀ,
ਬੰਜਰ ਹਾਂ, ਤਾਂ ਹੈਨੀ ਤਰੀਕਾ, ਹੈ ਕੋਈ ਕਾਰਨ..
ਹੁਣ ਤੇ ਅਰਸਾ ਹੋਗਿਆ, ਖੁੱਲ ਕੇ ਹੱਸੇ ਨੀ,
ਘਾਟ ਕਿਸੇ ਵਿੱਚ ਲੰਘਣ ਤਰੀਕਾਂ, ਹੈ ਕੋਈ ਕਾਰਨ..
ਕਿਉਂ ਕਿਸੇ ਦੇ ਵਾਅਦੇ ਕਰਕੇ ਖੜੇ ਹੋਏ ਹਾਂ,
ਅੱਗੇ ਨੀ ਵਧ ਦੇ, ਕਰਦੇ ਡੀਕਾਂ, ਹੈ ਕੋਈ ਕਾਰਨ..
ਕੁਝ ਹੈ, ਜੋ ਓਹਨੂੰ ਚੇਤੇ ਆ
ਕੁਝ ਹੈ, ਜੋ ਮੈਂ ਭੁੱਲਦਾ ਨਹੀਂ..
ਕੁਝ ਹੈ ਕਿ ਉਹ ਕੱਲੀ ਰਹੇ
ਕੁਝ ਮੈਂ, ਕਿਸੇ ਨਾਲ ਖੁੱਲਦਾ ਨਹੀਂ..
ਕੁਝ ਹੈ, ਨਾ ਪਸੰਦ ਓਹਨੂੰ
ਕੁਝ ਹੈ, ਜੋ ਮੈਨੂੰ ਭਾਉਂਦਾ ਨਹੀਂ..
ਕੁਝ ਹੈ, ਜੋ ਉਹ ਬੋਲੇ ਨਾ
ਕੁਝ ਮੇਰੀ ਜ਼ੁਬਾਨ ਤੇ ਆਉਂਦਾ ਨਹੀਂ..
ਕੁਝ ਹੈ, ਕਿ ਉਹ ਰੋ ਪੈਂਦੀ
ਕੁਝ ਹੈ, ਕਿ ਮੈਂ ਹੱਸਦਾ ਨਹੀਂ..
ਕੁਝ ਹੈ, ਲੋਕਾਂ ਤੋਂ ਓਹਲਾ ਓਹਦਾ
ਕੁਝ ਮੈਂ, ਕਿਸੇ ਨੂੰ ਦੱਸਦਾ ਨਹੀਂ..
ਕੁਝ ਹੈ, ਉਹ ਚੁੱਪ ਕਰ ਜਾਂਦੀ
ਕੁਝ ਹੈ, ਜੋ ਮੈਂ ਲੜਦਾ ਨਹੀਂ..
ਕੁਝ ਹੈ ਚੰਗਾ, ਉਹ ਜੀਅ ਰਹੀ
ਕੁਝ ਹੈ ਬੁਰਾ, ਮੈਂ ਮਰਦਾ ਨਹੀਂ..
ਬੜੀ ਡੂੰਘੀ ਸੱਟ ਮਾਰ ਗਿਆ ਏਂ..
ਸੋਹਣਾ ਸਾਨੂੰ ਚਾਰ ਗਿਆ ਏਂ..
ਅਸੀਂ ਤੇ ਦਿਲ ਚ ਤਾਰਿਆ ਸੀ,
ਪਰ ਤੂੰ ਦਿਲ ਤੋਂ ਤਾਰ ਗਿਆ ਏਂ..
ਸਾਡੀ ਕਰੀ ਮੁਹੱਬਤ ਵੱਟੇ,
ਸੋਹਣਾ ਪਾ ਕੇ ਹਾਰ ਗਿਆ ਏਂ..
ਮਾਸੂਮ ਜਿਹਾ ਏ, ਚਿਹਰਾ ਵੇਖੋ,
ਸ਼ਾਇਦ ਕੋਈ ਅਦਾਕਾਰ ਰਿਹਾ ਏ..
ਕੋਈ ਗਲਤੀ ਤਾਂ ਹੋਈ ਓ ਹੋਣੀ,
ਮੇਰੇ ਦਿਲ ਤੇ ਭਾਰ ਜਿਹਾ ਏ..
ਸਲੂਕ ਤੇ ਦੱਸ, ਕਿਉਂ ਕਰਦੈਂ ਏਦਾਂ,
ਯਰ ਤੂੰ ਤੇ ਮੇਰਾ ਯਾਰ ਰਿਹਾ ਏਂ..
ਆਪਣੇ ਆਪ ਨੂੰ ਪੱਥਰ ਕਰਕੇ,
ਤੂੰ ਸ਼ੀਸ਼ੇ ਨੂੰ ਢੁੱਡਾਂ ਮਾਰ ਰਿਹਾ ਏਂ..
ਦਿਲ ਤੇ ਕਬਜ਼ਾ ਕਰਕੇ ਜਾਂਦਾ ਜਾਂਦਾ,
ਕਾਹਤੋਂ ਜਿੰਦਰਾ ਮਾਰ ਗਿਆ ਏਂ..
ਤੂੰ ਜੋ ਰੋਜ ਹੀ ਲੜ ਪੈਨਾ ਏ, ਮੇਰੇ ਨਾਲ..
ਦੁਨੀਆ ਜੋ ਰੋਜ ਹੀ ਖਹਿਬੜਦੀ ਹੈ, ਮੇਰੇ ਨਾਲ..
ਇਹੀ ਮਸਲੇ, ਜੋ ਸਦਾ ਚਲਦੇ ਨੇ, ਮੇਰੇ ਨਾਲ..
ਇੱਕ ਜਾਣਾ, ਮੇਰੇ ਅੰਦਰ ਲੜਦਾ ਏ, ਮੇਰੇ ਨਾਲ..
ਮੈਂ ਕਹਿੰਦਾ ਹਾਂ ਸਹੀ ਨੀ ਦੁਨੀਆ, ਤੇ ਓਹ ਓਹਦਾ ਪੱਖ ਲੈ ਲੈਂਦਾ ਏ..
ਮੈਨੂੰ ਕੱਢ ਦੈ ਗਾਲਾਂ ਸਾਲਾ, ਸਭ ਨੂੰ ਚੰਗਾ ਕਹਿ ਲੈਂਦਾ ਏ..
ਨਾ ਮੇਰੇ ਵੱਲ ਬਾਹਰ ਏ ਕੋਈ, ਤੇ ਨਾਹੀ ਮੇਰੇ ਅੰਦਰ ਏ..
ਦੁੱਖ ਦਹਿਲੀਜ਼ੇ ਖੜਾ ਹੁੰਦਾ ਏ, ਜਦ ਵੀ ਹਾਸੇ ਪੰਗਰਦੇ..
ਮੈਂ ਤੇਰੇ ਵੱਲ ਤੱਕਿਆ ਸੀ ਨਾ, ਨੀਵਾਂ ਹੋ ਖੜ ਕੇ ਕੱਖਾਂ ਨਾਲ..
ਤੈਨੂੰ ਮੇਰਾ ਦੁੱਖ ਦਿਸ ਜਾਂਦਾ, ਜੇ ਦੇਖਦਾ ਮੇਰੀਆਂ ਅੱਖਾਂ ਨਾਲ..
ਜਦ ਵੀ ਕਮਰਾ ਬੰਦ ਹੁੰਦਾ ਏ, ਤੇ ਕੋਈ ਨੀ ਹੁੰਦਾ ਮੇਰੇ ਨਾਲ..
ਝਗੜਾ ਤਾਂ ਮੇਰਾ ਹੁੰਦਾ ਏ, ਪਰ ਹੁੰਦੈ ਮੇਰੇ ਅੰਦਰ, ਮੇਰੇ ਨਾਲ..
ਮੈਂ ਮੰਨਦਾ ਤੂੰ ਆਵੇਂਗਾ, ਤੂੰ ਆ..
ਤੈਨੂੰ ਕੋਈ ਜਹਾਨ ਚ ਲੱਭਦੈ..।
ਦੇਖ ਤਾਂ ਹਿੱਕ ਚੋਂ, ਲਹੂ ਚੋਂਦਾ ਏ..
ਤੂੰ ਸੱਜਣਾ, ਤੀਰ ਕਮਾਨ ਚ ਲੱਭਦੈਂ..।
ਮਰ ਨਾ ਜਾਈਂ ਦੱਸੇ ਬਿਨਾਂ ਈ,
ਮੈਂ ਫਿਰੂੰ ਤੈਨੂੰ ਸ਼ਮਸ਼ਾਨ ਚ ਲੱਭਦਾ..
ਜੀਹਨੇ ਤੈਨੂੰ ਖੋਹ ਲਿਆ ਮੈਥੋਂ,
ਯਰ ਮੈਨੂੰ ਉਹ ਭਗਵਾਨ ਨਹੀਂ ਲੱਭਦਾ..
ਜੇ ਓਹਨੂੰ ਕੋਈ ਦੀਂਹਦਾ ਦੁੱਖ ਏ..
ਫ਼ਿਰ ਮੈਨੂੰ ਨੀ ਪੀਂਹਦਾ ਦੁੱਖ ਏ..
ਕਿ ਮੇਰੇ ਚਿਹਰੇ ਤੇ ਆਈ ਰੌਣਕ,
ਮੇਰੇ ਯਾਰ ਪੁਛੇਂਦੇ ਕੀਹਦਾ ਦੁੱਖ ਏ..
ਜੋ ਮਾਂ ਮੇਰੀ ਨੂੰ ਖੱਟਕੀ ਮੇਰੀ,
ਮੈਨੂੰ ਉਸ ਕਮੀਂ ਦਾ ਦੁੱਖ ਏ..
ਤੈਨੂੰ ਚੜਿਆ ਚਾਅ ਪਰ ਮੈਨੂੰ,
ਫ਼ਸਲ ਪੱਕੀ ਸੀ, ਮੀਂਹ ਦਾ ਦੁੱਖ ਏ..
ਨਾ ਨਾ ਨਾਪੋ ਬੁਰਜ ਖਲੀਫ਼ਾ,
ਮੈਨੂੰ ਮੇਰੇ ਦਿਲ ਜਿੱਡਾ ਦੁੱਖ ਏ..
ਤੇ ਜੀਹਨੇ ਦਿੱਤੈ ਜਾਣਦੈ ਓਹੋ,
ਕੀਹਦਾ ਦੁੱਖ ਏ, ਤੇ ਕਿੱਡਾ ਦੁੱਖ ਏ..
ਧਰਤੀ ਉੱਤੇ ਪੈਰ ਨਹੀਂ ਲਗਦੇ,
ਹੁਣ ਤੇ ਮੈਂ ਹਵਾ ਤੇ ਹਾਂ..
ਅੰਬਰ ਨਹੀਂ, ਓਹ ਨਾ ਸਮੁੰਦਰ,
ਮੈਂ ਤਾਂ ਹੋਰ ਜਹਾਂ ਤੇ ਹਾਂ..
ਮੈਨੂੰ ਯਾਰ ਪਿਆਇਓ ਨਾ ਹੁਣ,
ਮੈਂ ਤਾਂ ਗੁੜ ਦੀ ਚਾਹ ਤੇ ਹਾਂ..
ਜੇਕਰ ਉਹ ਪੰਜਾਬ ਜਿਹੀ ਏ,
ਮੈਂ ਪਰਾਇਆ ਦਰਿਆ ਤੇ ਨਾਂ..
ਏਦਾਂ ਓਦਾਂ ਨਹੀਂ ਹੋਇਆ,
ਮੈਂ ਇਸ਼ਕ ਚ ਧੋਖਾ ਖਾ ਕੇ ਹਾਂ..
ਤੂੰ ਜਿਹੜੇ ਤੋਂ ਰੋਕਦੀ ਸੀ ਮਾਂ,
ਮੈਂ ਓਸ ਮਾੜੇ ਰਾਹ ਤੇ ਹਾਂ..
ਰੱਬ ਮਾਫ਼ ਕਰੇ ਓਹਦਾ ਨਾਉਂ ਨੀ ਲੈਂਦਾ,
ਮੈਂ ਅੱਜ ਕੱਲ ਓਹਦੇ ਨਾਂਅ ਤੇ ਹਾਂ..
ਤੂੰ ਕੁੜੀਏ ਮੈਂਨੂੰ ਦੇਖ ਨਾ ਏਦਾਂ,
ਮੈਂ ਤੇ ਪਹਿਲਾਂ ਈ ਆਖ਼ਰੀ ਸਾਹ ਤੇ ਹਾਂ..
ਤੂੰ ਕਿਉਂ ਪੁੱਛਦੈਂ ਹਾਲ ਉਹ ਕਹਿੰਦਾ,
ਮੈਂ ਤਾਂ ਤੇਰੀ ਸਾਰ ਨੀ ਲੈਂਦਾ..
ਜਦ ਦੇਖੋ, ਮੁਰਝਾਇਆ ਚਿਹਰਾ,
ਤੂੰ ਜਜ਼ਬਾਤ ਕਿਉਂ ਮਾਰ ਨੀ ਲੈਂਦਾ..
ਮੈਂ ਤੇਰੀ ਬੇਰੁਖੀ ਦਾ ਕਾਰਨ,
ਮੇਰੇ ਦਿਲ ਤੋਂ ਏਹੇ ਭਾਰ ਨੀ ਲਹਿੰਦਾ..
ਬਲਦੀ ਜੋ, ਤੇਰੇ ਦਿਲ ਦੇ ਅੰਦਰ,
ਨਫ਼ਰਤ ਦੀ ਅੱਗ ਕਿਉਂ ਠਾਰ ਨੀ ਲੈਂਦਾ..
ਮੈਂ ਖੜਾਂ ਦਹਿਲੀਜ਼ ਤੇਰੀ ਤੇ,
ਕਾਹਤੋਂ ਢੋਹ ਤੂੰ ਬਾਰ ਨੀ ਲੈਂਦਾ..
ਤੂੰ ਵੀ ਜ਼ਿੰਦਗੀ ਨੂੰ ਜਿੱਤ ਨੀ ਸਕਣਾ,
ਜਦ ਤੱਕ ਮੈਨੂੰ ਹਾਰ ਨੀ ਲੈਂਦਾ..
ਜੇ ਮੈਂ ਤੇਰੀ ਨਫ਼ਰਤ ਦੀ ਪਾਤਰ,
ਕਾਹਤੋਂ ਮੇਰੇ ਤੇ ਵਾਰ ਨੀ ਕਰਦਾ..
ਜਾਂ ਤਾਂ ਕਹਿੰਦੀ ਜਾਣ ਦੇ ਮੈਨੂੰ,
ਜਾਂ ਕਹਿਦੇ ਮੈਨੂੰ ਪਿਆਰ ਨੀ ਕਰਦਾ..
ਮੈਂ ਮੱਤ ਦੇਣੀ ਖੁਦ ਨੂੰ, ਕਿ ਕਿਸ ਚੀਜ ਚ ਸਕੂਨ ਹੈ,
ਤੇ ਕਿਸ ਚੀਜ ਕੋਲੋਂ ਰੱਖਣਾ ਪਰਹੇਜ ਨਾਲੇ ਮੈਨੂੰ..
ਮੈਂ ਮਿਲਣਾ ਹੈ ਇੱਕ ਵਾਰ ਬਚਪਨ ਵਾਲੇ ਮੈਂ ਨੂੰ..
ਦੱਸਣਾ ਹੈ,
ਦਾਦੇ ਦੀਆਂ ਗਾਲਾਂ ਦਾ ਨਾ ਗੁੱਸਾ ਮੰਨੀ..
ਤੇ ਬੀਬੀ ਕੋਲੋਂ ਪੈਸੇ ਲੈ ਕੇ ਖਰਚਾ ਨਾ ਕਰੀਂ..
ਤੇ ਗੁਰੂ ਘਰ ਬੈਠ ਸਿੱਖੀਂ ਦਰਦ ਫਰੋਲਣੇ,
ਯਾਰਾਂ ਕੋਲ ਦਾਰੂ ਉੱਤੇ ਚਰਚਾ ਨਾ ਕਰੀਂ..
ਕਿ ਖੋਹ ਨਾ ਦਵੀਂ ਤੂੰ ਵੀ ਪੁਰਾਣੇ ਵਾਲੇ ਤੈਂ ਨੂੰ,
ਮੈਂ ਮਿਲਣਾ ਹੈ ਇੱਕ ਵਾਰ ਬਚਪਨ ਵਾਲੇ ਮੈਂ ਨੂੰ..
ਹੱਸਦੈ ਚਿਹਰਾ ਲੋਕਾਂ ਦਾ, ਰੋਂਦਾ ਵੇਖ ਕੇ ਮੇਰਾ,
ਕਿ ਮੈਨੂੰ ਹੱਕ ਨੀ ਜਾਨਣ ਦਾ, ਕੀ ਹਾਲ ਐ ਤੇਰਾ..?
ਲੋਕੀ ਹਾਸੇ ਪੀਂਦੇ ਨੇ, ਮੈਂ ਹੰਝੂ ਪੀਂਨਾ ਆਂ..
ਅੱਜ ਕੱਲ ਤਾਂ ਮੈਂ ਝੂਠ-ਮੂਠ ਦਾ ਜੀਨਾ ਆਂ..
ਮੈਂ ਕੋਸ਼ਿਸ਼ ਕਰਦਾ ਆਂ, ਤਾਂ ਤੈਨੂੰ ਮੈਸਜ ਕਰਦਾ ਨਹੀਂ..
ਕਿ ਮੈਂ ਖ਼ਾਲੀ ਰੱਖਦਾ ਆਂ, ਤੇਰੀ ਥਾਂ ਨੂੰ ਭਰਦਾ ਨਹੀਂ..
ਕਦੇ ਬਰਫ਼ ਚ ਜੰਮਦਾ, ਕਦੇ ਅੱਗ ਚ ਮਘਦਾ ਵਾਂ..
ਤੇ ਕਦੇ ਕਦੇ ਤੈਨੂੰ ਭੁੱਲਣ ਲਈ ਮੈਂ ਸਹਾਰੇ ਲੱਭਦਾ ਵਾਂ..
ਤੇਰੇ ਸੁਪਨੇ, ਤੇਰੀਆਂ ਰੀਝਾਂ, ਹੋਰ ਕਿਵੇਂ ਆਬਾਦ ਕਰਾਂ,
ਦੱਸ ਮੈਂ ਤੇਰੀ ਖੁਸ਼ੀ ਲਈ ਮੈਨੂੰ, ਹੋਰ ਕਿਵੇਂ ਬਰਬਾਦ ਕਰਾਂ..